
ਕਿਹਾ : ਪੰਜਾਬ ’ਚ ਆ ਕੇ ਲੱਗਦਾ ਹੈ ਜਿਵੇਂ ਅਸੀਂ ਆਪਣੇ ਘਰ ਆ ਗਏ ਹਾਂ
ਮੋਗਾ/ਬਿਊਰੋ ਨਿਊਜ਼
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਦੌਰਾ ਕੀਤਾ। ਚੌਹਾਨ ਨੇ ਪੰਜਾਬ ਦੇ ਕਿਸਾਨਾਂ ਦੀ ਜਨਤਕ ਭਾਗੀਦਾਰੀ ਅਤੇ ਨਵੀਨਤਾ ਵਿਚ ‘ਨਵੇਂ ਰਿਕਾਰਡ’ ਸਥਾਪਤ ਕਰਨ ਲਈ ਪ੍ਰਸ਼ੰਸ਼ਾ ਕੀਤੀ। ਖੇਤੀਬਾੜੀ ਮੰਤਰੀ ਚੌਹਾਨ ਨੇ ਆਪਣੇ ਇਕ ਦਿਨ ਦੇ ਦੌਰੇ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਅਤੇ ਅਰਦਾਸ ਕਰਕੇ ਕੀਤੀ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਸ਼ਾਨਦਾਰ ਦੱਸਿਆ ਅਤੇ ਕਿਹਾ ਕਿ ਇੱਥੇ ਪੰਚਾਇਤ ਵਿਚ ਜਨਤਕ ਭਾਗੀਦਾਰੀ ਦੇ ਨਵੇਂ ਰਿਕਾਰਡ ਬਣੇ ਹਨ। ਚੌਹਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇੰਝ ਲੱਗਦਾ ਹੈ ਜਿਵੇਂ ਅਸੀਂ ਆਪਣੇ ਘਰ ਆ ਗਏ ਹਾਂ। ਆਪਣੀ ਫੇਰੀ ਦੌਰਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਅਤੇ ਨਿਵਾਸੀਆਂ ਨਾਲ ਮੰਜੇ ’ਤੇ ਬੈਠ ਕੇ ਰਵਾਇਤੀ ‘ਮੱਕੀ ਦੀ ਰੋਟੀ ਤੇ ਸਾਗ’ ਵੀ ਖਾਧਾ। ਚੌਹਾਨ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ, ਖਾਦ ਦੀ ਘੱਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਉਨ੍ਹਾਂ ਦੇ ਤਰੀਕਿਆਂ ਨੂੰ ਸਮਝਣ ਲਈ ਗੱਲਬਾਤ ਕੀਤੀ। ਮੰਤਰੀ ਚੌਹਾਨ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੇ ਹੋਰ ਲੀਡਰ ਵੀ ਹਾਜ਼ਰ ਰਹੇ।

