
ਪਟੀਸ਼ਨ ਵਿਚ ਸਰਬਜੀਤ ਕੌਰ ਉਰਫ ਨੂਰ ਨੂੰ ਭਾਰਤੀ ਜਾਸੂਸ ਦੱਸਿਆ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਸਿੱਖ ਵਿਧਾਇਕ ਨੇ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰਕੇ ਸਥਾਨਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਭਾਰਤੀ ਸਿੱਖ ਮਹਿਲਾ ਨੂੰ ਗਿ੍ਰਫਤਾਰ ਕਰਨ ਅਤੇ ਵਾਪਸ ਭੇਜਣ ਦੀ ਮੰਗ ਕੀਤੀ ਹੈ। ਪਾਕਿਸਤਾਨ ’ਚ ਪੈਂਦੇ ਪੰਜਾਬ ਦੀ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਹਿੰਦਰਪਾਲ ਸਿੰਘ ਨੇ ਲਾਹੌਰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਲਜ਼ਾਮ ਲਗਾਇਆ ਹੈ ਕਿ 48 ਸਾਲਾ ਸਰਬਜੀਤ ਕੌਰ ਪਾਕਿਸਤਾਨ ਪਹੁੰਚਣ ਮਗਰੋਂ ਗਾਇਬ ਹੋ ਗਈ ਸੀ। ਮਹਿੰਦਰਪਾਲ ਸਿੰਘ ਨੇ ਉਸ ਨੂੰ ਇਕ ਜਾਸੂਸ ਵੀ ਦੱਸਿਆ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਰਤੀ ਸਿੱਖ ਮਹਿਲਾ ਦੇ ਅਪਰਾਧਿਕ ਰਿਕਾਰਡ ਦੇ ਬਾਵਜੂਦ, ਭਾਰਤ ਸਰਕਾਰ ਨੇ ਉਸ ਨੂੰ ਮਨਜੂਰੀ ਦਿੱਤੀ ਹੈ। ਧਿਆਨ ਰਹੇ ਕਿ ਸਰਬਜੀਤ ਕੌਰ ਉਨ੍ਹਾਂ ਸਿੱਖ ਸ਼ਰਧਾਲੂਆਂ ਵਿਚ ਸ਼ਾਮਲ ਸੀ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪਹੁੰਚੀ ਸੀ।

