ਵਾਸ਼ਿੰਗਟਨ : ਅਮਰੀਕਾ ‘ਚ ਨਫ਼ਰਤੀ ਅਪਰਾਧ ਦੀ ਘਟਨਾ ਇਕ ਵਾਰ ਫਿਰ ਸਾਹਮਣੇ ਆਈ ਹੈ। ਕੈਂਟੁਕੀ ਸੂਬੇ ‘ਚ ਅਣਪਛਾਤੇ ਵਿਅਕਤੀਆਂ ਨੇ ਇਕ ਹਿੰਦੂ ਮੰਦਰ ‘ਚ ਤੋੜ-ਫੋੜ ਕੀਤੀ ਹੈ। ਹਮਲਵਰਾਂ ਨੇ ਮੰਦਰ ‘ਚ ਸਸ਼ੋਭਿਤ ਮੂਰਤੀਆਂ ‘ਤੇ ਕਾਲਾ ਰੰਗ ਮਲ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਮੰਦਰ ‘ਚ ਰੱਖੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਹ ਘਟਨਾ ਲੁਈਸਵਿਲ ਸ਼ਹਿਰ ਦੇ ਸਵਾਮੀਨਾਰਾਇਣ ਮੰਦਰ ‘ਚ ਵਾਪਰੀ ਹੈ। ਇਹ ਘਟਨਾ ਤੋਂ ਬਾਅਦ ਅਮਰੀਕਾ ‘ਚ ਰਹਿਣ ਵਾਲੇ ਹਿੰਦੂ ਭਾਈਚਾਰੇ ‘ਚ ਰੋਹ ਹੈ। ਸਥਾਨਕ ਮੀਡੀਆ ਅਨੁਸਾਰ ਹਮਲਾਵਰਾਂ ਨੇ ਮੰਦਰ ਦੀਆਂ ਬਾਰੀਆਂ ਨੂੰ ਤੋੜ ਦਿੱਤਾ ਅਤੇ ਉੱਥੇ ਰੱਖੇ ਸਾਮਾਨ ਨੂੰ ਸੁੱਟ ਦਿੱਤਾ। ਮੰਦਰ ਦੀਆਂ ਕੰਧਾਂ ‘ਤੇ ਉਨ੍ਹਾਂ ਨੇ ਭੜਕਾਊ ਸੰਦੇਸ਼ ਲਿਖ ਦਿੱਤੇ। ਇਸ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਦੇਖਿਆ ਜਾ ਰਿਹਾ ਹੈ। ਲੁਈਵਿਲੇ ਸ਼ਹਿਰ ਦੇ ਮੇਅਰ ਗ੍ਰੇਗ ਫਿਸ਼ਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਘਟਨਾ ਨੂੰ ਹਿੰਦੂ ਭਾਈਚਾਰੇ ‘ਚ ਨਫ਼ਰਤ ਫ਼ੈਲਾਉਣ ਲਈ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੰਦਰ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਹਿੰਦੂ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜਲਦ ਜੇਲ੍ਹ ‘ਚ ਹੋਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਅਪ੍ਰੈਲ 2015 ‘ਚ ਵੀ ਟੈਕਸਾਸ ਦੇ ਇਕ ਸ਼ਹਿਰ ‘ਚ ਹਿੰਦੂ ਮੰਦਰ ਦੀ ਤੋੜ-ਭੰਨ ਕੀਤੀ ਗਈ ਸੀ।
Check Also
ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ
ਛੋਟੇ ਮੋਟੇ ਝਗੜਿਆਂ ਵਿਚ ਸ਼ਾਮਿਲ ਵਿਦਿਆਰਥੀਆਂ ਦੇ ਵੀਜੇ ਵੀ ਕੀਤੇ ਜਾ ਰਹੇ ਹਨ ਰੱਦ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ …