Breaking News
Home / ਦੁਨੀਆ / ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਤਾਰੀਫ਼

ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਤਾਰੀਫ਼

ਸਿੱਖ ਭਾਈਚਾਰਾ ਹਮੇਸ਼ਾ ਮੇਰੇ ਦਿਲ ਦੇ ਨੇੜੇ : ਮਾਈਕ ਪੈਂਸ
ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦਿਆਂ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਫ਼ੌਜ ਅਤੇ ਮੁਕਾਮੀ, ਰਾਜ ਤੇ ਸੰਘੀ ਪੱਧਰ ‘ਤੇ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਦਿੰਦਿਆਂ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਣ।
ਇੰਡਿਆਨਾਪੋਲਿਸ ਵਿੱਚ ਸਿੱਖ ਵਫ਼ਦ ਨੂੰ ਸੰਬੋਧਨ ਕਰਦਿਆਂ ਪੈਂਸ ਨੇ ਕਿਹਾ,’ਸਿੱਖ ਭਾਈਚਾਰਾ ਤੇ ਉਨ੍ਹਾਂ ਨਾਲ ਜੁੜੇ ਮੁੱਦੇ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇ ਹਨ ਅਤੇ ਮੈਂ ਹਮੇਸ਼ਾ ਇੰਡਿਆਨਾ ਤੇ ਮੁਲਕ ਭਰ ਵਿੱਚ ਰਹਿੰਦੇ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ।’ ਗੁਰਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਵਾਲੀ ਸਿੱਖਾਂ ਦੀ ਸਿਆਸੀ ਐਕਸ਼ਨ ਕਮੇਟੀ (ਸਿੱਖਜ਼ ਪੀਏਸੀ) ਨਾਲ ਮੀਟਿੰਗ ਦੌਰਾਨ ਪੈਂਸ ਨੇ ਕਿਹਾ ਕਿ ਉਹ ਸਿੱਖਾਂ ਦੇ ਮੁੱਦਿਆਂ ਤੋਂ ਉਦੋਂ ਤੋਂ ਭਲੀਭਾਂਤ ਜਾਣੂ ਹੈ ਜਦੋਂ ਉਹ ਇੰਡਿਆਨਾ ਰਾਜ ਦੇ ਗਵਰਨਰ ਸਨ। ਕਮੇਟੀ ਵੱਲੋਂ ਜਾਰੀ ਮੀਡੀਆ ਰਿਲੀਜ਼ ਮੁਤਾਬਕ ਵਫ਼ਦ ਵੱਲੋਂ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿੱਚ ਚਰਚਾ ਦਾ ਮੁੱਖ ਵਿਸ਼ਾ ਸਿੱਖਾਂ ਬਾਰੇ ਜਾਗਰੂਕਤਾ ਅਤੇ ਸਿੱਖਿਆ ਬਾਰੇ ਸੰਘੀ ਵਿਭਾਗ ਦੀ ਮਦਦ ਨਾਲ ਇਤਿਹਾਸ ਵਿਸ਼ੇ ਵਿਚ ਸਿੱਖਾਂ ਦੇ ਇਤਿਹਾਸ ਨੂੰ ਸ਼ਾਮਲ ਕਰਨਾ ਸੀ। 58 ਸਾਲਾ ਉਪ ਰਾਸ਼ਟਰਪਤੀ ਨੇ ਸਿੱਖਜ਼ ਪੀਏਸੀ ਵੱਲੋਂ ਸਿੱਖ ਭਾਈਚਾਰੇ ਨੂੰ ਮੁਲਕ ਦੀ ਮੂਹਰਲੀ ਸਿਆਸਤ ਵਿੱਚ ਯੋਗਦਾਨ ਲਈ ਦਿੱਤੀ ਹੱਲਾਸ਼ੇਰੀ ਦੇ ਯਤਨਾਂ ਨੂੰ ਵੀ ਸਲਾਹਿਆ ਹੈ। ਉਂਜ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਖ਼ਾਲਸਾ ਨੇ ਵਾਸ਼ਿੰਗਟਨ ਡੀਸੀ ਦੇ ਦੌਰੇ ਮੌਕੇ ਅਮਰੀਕੀ ਸੈਨੇਟਰਾਂ ਤੇ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ ਸੀ। ਯਾਦ ਰਹੇ ਕਿ ਪੈਂਸ ਪਹਿਲੇ ਸਿਟਿੰਗ ਗਵਰਨਰ ਸਨ, ਜਿਨ੍ਹਾਂ 2015 ਵਿੱਚ ਸਿੱਖ ਪਰੇਡ ਵਿਚ ਸ਼ਮੂਲੀਅਤ ਕਰਦਿਆਂ ਇਕ ਸਿੱਖ ਨੂੰ ਸਰਵੋਤਮ ਸ਼ਹਿਰੀ ਐਵਾਰਡ ਨਾਲ ਸਨਮਾਨਤ ਕੀਤਾ ਸੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …