Breaking News
Home / ਦੁਨੀਆ / ਤਾਲਿਬਾਨੀ ਅੱਤਵਾਦੀਆਂ ਵੱਲੋਂ ਰਿਹਾਅ ਕੀਤਾ ਗਿਆ ਨਿਦਾਨ ਸਿੰਘ 11 ਅਫਗਾਨੀ ਸਿੱਖਾਂ ਸਣੇ ਦਿੱਲੀ ਪੁੱਜਾ

ਤਾਲਿਬਾਨੀ ਅੱਤਵਾਦੀਆਂ ਵੱਲੋਂ ਰਿਹਾਅ ਕੀਤਾ ਗਿਆ ਨਿਦਾਨ ਸਿੰਘ 11 ਅਫਗਾਨੀ ਸਿੱਖਾਂ ਸਣੇ ਦਿੱਲੀ ਪੁੱਜਾ

ਨਾਗਰਿਕਤਾ ਸੋਧ ਕਾਨੂੰਨ ਤਹਿਤ ਇਨ੍ਹਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ
ਨਵੀਂ ਦਿੱਲੀ : ਅਫ਼ਗਾਨਿਸਤਾਨ ਵਿਚ ਤਾਲਿਬਾਨ ਅੱਤਵਾਦੀਆਂ ਪਾਸੋਂ ਰਿਹਾਅ ਹੋਣ ਉਪਰੰਤ ਭਾਰਤ ਪੁੱਜੇ ਸਿੱਖ-ਹਿੰਦੂ ਭਾਈਚਾਰੇ ਦੇ ਆਗੂ ਨਿਦਾਨ ਸਿੰਘ ਸਚਦੇਵਾ ਤੇ ਹੋਰਨਾਂ ਦਾ ਦਿੱਲੀ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ। ਨਿਦਾਨ ਸਿੰਘ ਸਮੇਤ 11 ਹੋਰ ਸਿੱਖਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ ਦਿੱਲੀ ਲਿਆਂਦਾ ਗਿਆ, ਜਿਸ ਵਿਚ ਨਾਬਾਲਗ ਸਨਮੀਤ ਕੌਰ ਵੀ ਸ਼ਾਮਿਲ ਹੈ, ਜਿਸ ਨੂੰ ਅਗਵਾ ਕਰਕੇ ਜਬਰਨ ਮੁਸਲਿਮ ਬਣਾ ਕੇ ਨਿਕਾਹ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਨਿਦਾਨ ਸਿੰਘ ਸਮੇਤ ਕਾਬੁਲ ਤੋਂ ਦਿੱਲੀ ਪੁੱਜੇ ਸਾਰੇ 11 ਜਣਿਆਂ ਲਈ ਇਕਾਂਤਵਾਸ ਵਾਸਤੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੰਤਜ਼ਾਮ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਇਹ ਸਾਰੇ ਲੰਬੀ ਮਿਆਦ ਦੇ ਵੀਜ਼ੇ ਦੇ ਤਹਿਤ ਭਾਰਤ ਆਏ ਹਨ ਤੇ ਇਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ ਨਾਗਰਿਕਤਾ ਦਿੱਤੀ ਜਾਵੇਗੀ। ਇਨ੍ਹਾਂ ਦੇ ਹਵਾਈ ਅੱਡੇ ‘ਤੇ ਪੁੱਜਣ ਮੌਕੇ ਦਿੱਲੀ ਸਿੱਖ ਗੁਰਦੁਰਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ., ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਸੀਨੀਅਰ ਭਾਜਪਾ ਆਗੂ ਆਰ.ਪੀ. ਸਿੰਘ, ਅਫ਼ਗਾਨੀ ਭਾਈਚਾਰੇ ਦੇ ਆਗੂ ਖਜਿੰਦਰ ਸਿੰਘ ਸਮੇਤ ਹੋਰ ਵੀ ਵਿਅਕਤੀ ਮੌਜੂਦ ਸਨ। ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਦਾਨ ਸਿੰਘ ਨੇ ਸੁਰੱਖਿਅਤ ਵਾਪਸ ਪੁੱਜਣ ‘ਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਨਾਲ ਹੀ ਅਗਵਾਕਾਰੀਆਂ ਵਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤ ਵਿਚ ਨਾਗਰਿਕਤਾ ਦੀ ਮੰਗ ਵੀ ਕੀਤੀ। ਦੱਸਣਯੋਗ ਹੈ ਕਿ ਨਿਦਾਨ ਸਿੰਘ ਦੀ ਰਿਹਾਈ ਵਾਸਤੇ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਹਿਯੋਗ ਮੰਗਿਆ ਸੀ ਤੇ ਅਗਵਾ ਕੀਤੇ ਜਾਣ ਤੋਂ ਬਾਅਦ ਤਕਰੀਬਨ 1 ਮਹੀਨੇ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਸੀ। ਜ਼ਿਕਰਯੋਗ ਹੈ ਕਿ ਨਿਦਾਨ ਸਿੰਘ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਵੱਧਦੀ ਹਿੰਸਾ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਪਰਿਵਾਰ ਸਮੇਤ 1992 ਵਿਚ ਭਾਰਤ ਆ ਗਏ ਸਨ ਤੇ ਭਾਰਤ ‘ਚ ਆਉਣ ਉਪਰੰਤ ਉਹ ਆਪਣੇ ਪਰਿਵਾਰ ਦੇ ਨਾਲ ਹੀ ਦਿੱਲੀ ਵਿਚ ਸ਼ਰਨਾਰਥੀਆਂ ਦੇ ਰੂਪ ਵਿਚ ਰਹਿਣ ਲਗ ਪਏ ਸਨ। ਦਿੱਲੀ ਹਵਾਈ ਅੱਡੇ ‘ਤੇ ਪੁੱਜੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰਿਆਂ ਦਾ ਸਵਾਗਤ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇਕਾਂਤਵਾਸ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਾਰੇ ਇੰਤਜ਼ਾਮ ਕੀਤੇ ਗਏ ਹਨ।
ਦਰੱਖਤ ਨਾਲ ਬੰਨ੍ਹ ਕੇ ਕੁੱਟਦੇ ਸਨ : ਨਿਦਾਨ ਸਿੰਘ
ਭਾਰਤ ਪਹੁੰਚਣ ਤੋਂ ਬਾਅਦ ਭਾਵੁਕ ਨਿਦਾਨ ਸਿੰਘ ਸਚਦੇਵਾ ਨੇ ਕਿਹਾ ਕਿ ਮੈਨੂੰ ਨਹੀਂ ਪਿਤਾ ਹਿੰਦੁਸਤਾਨ ਨੂੰ ਕੀ ਕਹਿਣਾ ਹੈ, ਮੇਰੀ ਮਾਂ ਜਾਂ ਪਿਤਾ, ਪਰ ਹਿੰਦੁਸਤਾਨ ਹਿੰਦੁਸਤਾਨ ਹੈ। ਉਨ੍ਹਾਂ ਤਾਲਿਬਾਨੀ ਅੱਤਵਾਦੀਆਂ ਵਲੋਂ ਅਗਵਾ ਕਰਨ ਦੀ ਘਟਨਾ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਰੋਜ਼ ਕੁੱਟਿਆ ਜਾਂਦਾ ਸੀ, ਦਰੱਖਤ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਅਤੇ ਇਸਲਾਮ ਨੂੰ ਅਪਣਾਉਣ ਲਈ ਕਿਹਾ ਜਾਂਦਾ ਸੀ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …