Breaking News
Home / ਦੁਨੀਆ / ਭਾਰਤ ਤੇ ਆਸਟਰੇਲੀਆ ‘ਚ ਹੋਏ 6 ਸਮਝੌਤੇ

ਭਾਰਤ ਤੇ ਆਸਟਰੇਲੀਆ ‘ਚ ਹੋਏ 6 ਸਮਝੌਤੇ

ਅੱਤਵਾਦ ਖਿਲਾਫ ਮਿਲ ਕੇ ਕਰਨਗੇ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਆਸਟਰੇਲੀਆ ਨੇ ਅੱਤਵਾਦ ਵਿਰੁੱਧ ਸਹਿਯੋਗ ਵਧਾਉਣ ਸਮੇਤ ਛੇ ਸਮਝੌਤਿਆਂ ਉਤੇ ਸਹੀ ਪਾਈ। ਦੋਵਾਂ ਮੁਲਕਾਂ ਨੇ ਅੱਤਵਾਦੀ ਜਥੇਬੰਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਣ ਤੇ ਫੰਡਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਸੱਦਾ ਦਿੱਤਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲੀਆਈ ਹਮਰੁਤਬਾ ਮੈਲਕਮ ਟਰਨਬੁੱਲ ਵਿਚਾਲੇ ਗੱਲਬਾਤ ਦੌਰਾਨ ਕੋਈ ਵੱਡਾ ਮਾਅਰਕਾ ਸਾਹਮਣੇ ਨਹੀਂ ਆਇਆ। ਟਰਨਬੁੱਲ ਨੇ ਇੱਥੇ ਸਿਰਫ਼ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ) ਲਈ ਗੱਲਬਾਤ ਦਾ ਗੇੜ ਛੇਤੀ ਸ਼ੁਰੂ ਕਰਨ ਬਾਰੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦੇਣ ਦਾ ਫੈਸਲਾ ਕੀਤਾ।
ਭਾਰਤ ਨੂੰ ਯੂਰੇਨੀਅਮ ਦਰਾਮਦ ਦਾ ਰਾਹ ਪੱਧਰਾ ਕਰਨ ਲਈ ਆਸਟਰੇਲੀਆਈ ਸੰਸਦ ਵਿੱਚ ਮਤਾ ਪਾਸ ਕਰਨ ਉਤੇ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਉਤੇ ਟਰਨਬੁੱਲ ਨੇ ਕਿਹਾ ਕਿ ਉਹ ਯੂਰੇਨੀਅਮ ਦੀ ਸਪਲਾਈ ਛੇਤੀ ਤੋਂ ਛੇਤੀ ਸ਼ੁਰੂ ਕਰਨ ਦੇ ਇੱਛੁਕ ਹਨ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਨੇ ਕਿਹਾ ਕਿ ਸੀਈਸੀਏ ਬਾਰੇ ਗੱਲਬਾਤ ਦਾ ਅਗਲਾ ਗੇੜ ਛੇਤੀ ਸ਼ੁਰੂ ਕਰਨ ਸਣੇ ਹੋਰ ਫੈਸਲਿਆਂ ਨਾਲ ਦੋਵਾਂ ਮੁਲਕਾਂ ਵਿਚਾਲੇ ਭਾਈਵਾਲੀ ਮਜ਼ਬੂਤ ਹੋਵੇਗੀ। ਸੀਈਸੀਏ ਬਾਰੇ ਟਰਨਬੁੱਲ ਨੇ ਕੋਈ ਸਮਾਂ ਹੱਦ ਤਾਂ ਤੈਅ ਨਹੀਂ ਕੀਤੀ ਪਰ ਉਨ੍ਹਾਂ ਕਿਹਾ ਕਿ ”ਮੇਰੇ ਵਿਚਾਰ ਵਿੱਚ ਇਸ ਬਾਰੇ ਗੱਲਬਾਤ ਦੀ ਰਫ਼ਤਾਰ ਸਾਡੀ ਪਸੰਦ ਮੁਤਾਬਕ ਨਹੀਂ ਹੈ।” ਦੋਵਾਂ ਪ੍ਰਧਾਨ ਮੰਤਰੀਆਂ ਨੇ ਵਾਰਤਾਕਾਰਾਂ ਨੂੰ ਆਪਣੀਆਂ ਤਰਜੀਹਾਂ ਬਾਰੇ ਸੂਚੀ ਤਿਆਰ ਕਰਨ ਲਈ ਕਿਹਾ।
ਇਸ ਦੌਰਾਨ ਸਿਹਤ ਤੇ ਦਵਾਈਆਂ, ਖੇਡਾਂ, ਸੱਭਿਆਚਾਰ, ਵਾਤਾਵਰਨ ਤੇ ਜੰਗਲੀ ਜੀਵ, ਪੁਲਾੜ ਤਕਨਾਲੋਜੀ ਵਿੱਚ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਤੇ ਸਹਿਯੋਗ ਬਾਰੇ ਦੋਵਾਂ ਦੇਸ਼ਾਂ ਨੇ ਸਮਝੌਤਿਆਂ ਉਤੇ ਸਹੀ ਪਾਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਵੇਲੇ ਟਰਨਬੁੱਲ ਨੇ ਕਿਹਾ ਕਿ ਭਾਰਤ ਦੀਆਂ ਉਪਲੱਬਧੀਆਂ ਦੀ ਸਾਰਾ ਵਿਸ਼ਵ ਸ਼ਲਾਘਾ ਕਰ ਰਿਹਾ ਹੈ।
ਮੈਟਰੋ ਰੇਲ ਵਿੱਚ ਅਕਸ਼ਰਧਾਮ ਮੰਦਰ ਪੁੱਜੇ ਦੋਵੇਂ ਆਗੂ : ਦਿੱਲੀ ਦੀ ਆਵਾਜਾਈ ਪ੍ਰਣਾਲੀ ਦਾ ਅਹਿਸਾਸ ਕਰਨ ਲਈ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮੈਟਰੋ ਰੇਲ ਦਾ ਸਫ਼ਰ ਕੀਤਾ। ਦੋਵੇਂ ਆਗੂਆਂ ਨੇ ਮੰਡੀ ਹਾਊਸ ਤੋਂ ਅਕਸ਼ਰਧਾਮ ਸਟੇਸ਼ਨ ਤੱਕ ਦਾ 6.7 ਕਿਲੋਮੀਟਰ ਦਾ ਸਫ਼ਰ 15 ਮਿੰਟਾਂ ਵਿੱਚ ਪੂਰਾ ਕੀਤਾ। ਸਫ਼ਰ ਦੌਰਾਨ ਦੋਵਾਂ ਨੇ ਸੈਲਫੀਆਂ ਵੀ ਖਿੱਚੀਆਂ। ਇਸ ਦੌਰਾਨ ਉਨ੍ਹਾਂ ਸਵਾਮੀਨਰਾਇਣ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …