5.7 C
Toronto
Friday, March 6, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਤੇ ਭਾਰਤ ਵਿਚਕਾਰ ਇਤਿਹਾਸਕ ਯੂਰੇਨੀਅਮ ਸਮਝੌਤਾ

ਕੈਨੇਡਾ ਤੇ ਭਾਰਤ ਵਿਚਕਾਰ ਇਤਿਹਾਸਕ ਯੂਰੇਨੀਅਮ ਸਮਝੌਤਾ

ਦੋਵੇਂ ਦੇਸ਼ਾਂ ਵਲੋਂ 70 ਅਰਬ ਡਾਲਰ ਦੇ ਵਪਾਰ ਦਾ ਟੀਚਾ
ਚੁਣੌਤੀਆਂ ਨਾਲ ਨਜਿੱਠਣ ਲਈ ਆਪਸੀ ਭਾਈਵਾਲੀ ਜ਼ਰੂਰੀ : ਮਾਰਕ ਕਾਰਨੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਤੇ ਕੈਨੇਡਾ ਨੇ ਲੰਘੇ ਸੋਮਵਾਰ ਨੂੰ ਯੂਰੇਨੀਅਮ ਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਸਬੰਧੀ ਮੁੱਖ ਸਮਝੌਤਿਆਂ ‘ਤੇ ਨਵੀਂ ਦਿੱਲੀ ‘ਚ ਹਸਤਾਖਰ ਕੀਤੇ ਅਤੇ ਜਲਦੀ ਹੀ ਇਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨੇ 2030 ਤੱਕ ਦੁਵੱਲੇ ਸਾਲਾਨਾ ਵਪਾਰ ਨੂੰ 70 ਅਰਬ ਡਾਲਰ ਤੱਕ ਲਿਜਾਣ ਸਮੇਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਨਵੇਂ ਢਾਂਚੇ ਨੂੰ ਅੰਤਿਮ ਰੂਪ ਦਿੱਤਾ। ਆਪਣੀ ਵਿਆਪਕ ਗੱਲਬਾਤ ‘ਚ ਦੋਵਾਂ ਨੇਤਾਵਾਂ ਨੇ ਰੱਖਿਆ, ਮਹੱਤਵਪੂਰਨ ਤਕਨਾਲੋਜੀਆਂ, ਛੋਟੇ ਅਤੇ ਮਾਡਿਊਲਰ ਪ੍ਰਮਾਣੂ ਰਿਐਕਟਰ, ਸਿੱਖਿਆ ਅਤੇ ਨਵਿਆਉਣਯੋਗ ਊਰਜਾ ‘ਚ ਸਹਿਯੋਗ ਵਧਾਉਣ ਦਾ ਵੀ ਵਾਅਦਾ ਕੀਤਾ। ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਨਵੀਂ ਊਰਜਾ, ਆਪਸੀ ਵਿਸ਼ਵਾਸ ਅਤੇ ਸਕਾਰਾਤਮਕਾ ਨਾਲ ਭਰੇ ਹੋਏ ਹਨ। ਕੈਨੇਡਾ 2.6 ਅਰਬ ਡਾਲਰ ਦੇ ਯੂਰੇਨੀਅਮ ਸਪਲਾਈ ਸਮਝੌਤੇ ਤਹਿਤ ਭਾਰਤ ਦੇ ਸਿਵਲ ਪ੍ਰਮਾਣੂ ਊਰਜਾ ਖੇਤਰ ਦਾ ਸਮਰਥਨ ਕਰਨ ਲਈ ਤਿਆਰ ਹੈ।
ਭਾਰਤ ਦੀ ਚਾਰ ਦਿਨਾਂ ਸਰਕਾਰੀ ਫੇਰੀ ਦੇ ਆਪਣੇ ਆਖਰੀ ਦੌਰ ‘ਚ ਲੰਘੇ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਿੱਲੀ ਵਿਖੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਦਭਾਵਨਾ ਵਾਲੇ ਮਾਹੌਲ ਵਿਚ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਕੈਨੇਡੀਅਨ ਪੀਐਮ ਮਾਰਕ ਕਾਰਨੀ ਦਾ ਭਾਰਤ ਵਿਚ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਰ ਸਹਿਯੋਗ ਕਰਨ ਦੀਆਂ ਤਕਨੀਕਾਂ, ਖੇਤੀ (ਦਾਲਾਂ), ਊਰਜਾ, ਕੁਦਰਤੀ ਸਰੋਤ (ਯੂਰੇਨੀਅਮ), ਮਸਨੂਈ ਬੁੱਧੀ (ਏ.ਆਈ.) ਅਤੇ ਕੁਆਂਟਮ ਕੰਪਿਊਟਿੰਗ, ਕਾਰੋਬਾਰ ਤੋਂ ਕਾਰੋਬਾਰ ਅਤੇ ਲੋਕਾਂ ਤੋਂ ਲੋਕਾਂ ਤੱਕ ਸਾਂਝ ਸਮੇਤ ਕਈ ਸੰਭਾਵਨਾਵਾਂ ਹਨ। ਮੋਦੀ ਨੇ ਦਹਿਸ਼ਤਵਾਦ ਨੂੰ ਦੁਨੀਆ ਦੇ ਵਿਕਾਸ ਅਤੇ ਸ਼ਾਂਤੀ ਵਿਚ ਵੱਡੀ ਰੁਕਾਵਟ ਦੱਸਿਆ ਅਤੇ ਕਿਹਾ ਕਿ ਦਹਿਸ਼ਤਵਾਦ ਨਾਲ ਪੈਦਾ ਹੁੰਦੇ ਅਸਥਿਰ ਮਾਹੌਲ ਨਾਲ ਮਨੁੱਖਤਾ ਨੂੰ ਵੱਡਾ ਖਤਰਾ ਦਰਪੇਸ਼ ਰਹਿੰਦਾ ਹੈ। ਮੋਦੀ ਅਤੇ ਕਾਰਨੀ ਨੇ ਪੱਛਮੀ ਏਸ਼ੀਆ ਵਿਚ ਖਰਾਬ ਸੁਰੱਖਿਆ ਸਥਿਤੀ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਸਾਰੇ ਵਿਵਾਦਾਂ ਦੇ ਹੱਲ ਦਾ ਸਮਰਥਨ ਕਰਦਾ ਹੈ।
ਮੋਦੀ-ਮਾਰਨੀ ਗੱਲਬਾਤ ਦੇ ਮੁੱਖ ਨਤੀਜੇ ਵਪਾਰਕ ਸਬੰਧਾਂ ਨੂੰ ਵਧਾਉਣ ਦਾ ਉਹਨਾਂ ਦਾ ਫੈਸਲਾ ਸੀ, ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਕੈਨੇਡਾ ਦੇ ਵਧਦੇ ਠੰਡੇ ਆਰਥਿਕ ਸਬੰਧਾਂ ਦਰਮਿਆਨ ਆਇਆ ਹੈ। ਮਾਰਕ ਕਾਰਨੀ ਨੇ ਕਿਹਾ ਕਿ ਬੀਤੇ ਸਾਲ ਕੁ ਦੇ ਸਮੇਂ ਦੌਰਾਨ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿਚ ਨੇੜਤਾ ਪੈਦਾ ਕਰਨ ਲਈ ਜੋ ਕੰਮ ਕੀਤੇ ਗਏ ਹਨ, ਉਸ ਦੀ ਬੀਤੇ 20 ਸਾਲਾਂ ਦੇ ਸਮੇਂ ਵਿਚ ਕਿਤੇ ਮਿਸਾਲ ਨਹੀਂ ਮਿਲਦੀ।
ਇਹ ਵੀ ਕਿ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਅਤੇ ਕਾਰੋਬਾਰਾਂ ਦੇ ਪ੍ਰਬੰਧਕਾਂ ਵਲੋਂ ਲਗਾਤਾਰ ਸੰਪਰਕ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸਹਿਯੋਗ ਵਧਾਇਆ ਜਾ ਰਿਹਾ ਹੈ, ਜਿਸ ਨਾਲ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਕੈਨੇਡਾ ਦਾ ਭਾਰਤ ਨਾਲ 2030 ਤੱਕ 70 ਅਰਬ ਡਾਲਰ ਦਾ ਵਪਾਰ ਕਰਨ ਦਾ ਟੀਚਾ ਹਾਸਲ ਕਰਨ ਦੀ ਯੋਜਨਾ ਹੈ। ਮੋਦੀ ਨੇ ਕਿਹਾ ਕਿ ਆਰਥਿਕ ਸਹਿਯੋਗ ਦੀ ਪੂਰੀ ਸੰਭਾਵਨਾ ਨੂੰ ਖੋਲ੍ਹਣਾ ਸਾਡੀ ਤਰਜੀਹ ਹੈ। ਇਸ ਲਈ, ਅਸੀਂ ਜਲਦੀ ਹੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚ ਨਵੇਂ ਨਿਵੇਸ਼ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਉਹਨਾਂ ਕਿਹਾ ਕਿ ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ ‘ਚ 100 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ ਭਾਰਤ ਦੀ ਵਿਕਾਸ ਕਹਾਣੀ ਵਿਚ ਉਹਨਾਂ ਦੇ ਡੂੰਘੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਦਿੱਲੀ ‘ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਹਾਜ਼ਰੀ ਵਿਚ ਆਪਸੀ ਸਹਿਯੋਗ ਦੇ ਅਹਿਦ ਵਜੋਂ ਪੰਜ ਸਮਝੌਤੇ ਸਹੀਬੱਧ ਕੀਤੇ ਗਏ, ਜਿਸ ਵਿਚ ਉਪਰੋਕਤ ਖੇਤਰਾਂ ਅਨੁਸਾਰ ਦੁਰਲੱਭ ਖਣਿਜ, ਏ.ਆਈ., ਰੱਖਿਆ, ਤਕਨੀਕ, ਸਭਿਆਚਾਰ ਤੇ ਮਾਹਿਰਾਂ ਦੇ ਅਦਾਨ-ਪ੍ਰਦਾਨ ਵਿਚ ਸਹਿਯੋਗ ਕਰਨਾ ਸ਼ਾਮਲ ਹੈ।

RELATED ARTICLES
POPULAR POSTS