ਹਿਊਸਟਨ : ਅਮਰੀਕਾ ਦੇ ਹਿਊਸਟਨ ਦੇ ਪੱਛਮੀ ਇਲਾਕੇ ਵਿਚ ਇਕ ਡਾਕਘਰ ਦਾ ਨਾਂਅ ਬਦਲ ਕੇ ਹੁਣ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖ ਦਿੱਤਾ ਗਿਆ ਹੈ। ਜਿਨ੍ਹਾਂ ਦੀ 2019 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਧਾਲੀਵਾਲ (42) ਨੂੰ 27 ਸਤੰਬਰ 2019 ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਡਿਊਟੀ ‘ਤੇ ਸਨ। ਉਹ ਸਾਲ 2015 ਵਿਚ ਸੁਰਖੀਆਂ ਵਿਚ ਆਏ ਸਨ ਜਦੋਂ ਉਹ ਦਸਤਾਰ ਸਜਾ ਕੇ ਅਤੇ ਸਾਬਤ ਸੂਰਤ ਰਹਿਣ ਦਾ ਅਧਿਕਾਰ ਪਾਉਣ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ। ਉਨ੍ਹਾਂ ਦੀ ਯਾਦ ਵਿਚ ਪਿਛਲੇ ਦਿਨੀਂ ਸਮਾਗਮ ਕੀਤਾ ਗਿਆ, ਜਿੱਥੇ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਨਾਂਅ ਬਦਲਣ ਦੇ ਮਤੇ ਲਿਆਉਣ ਵਾਲੀ ਮਹਿਲਾ ਸੰਸਦ ਮੈਂਬਰ ਲਿਜੀ ਫਲੇਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਸਥਿਤ ਡਾਕਘਰ ਦਾ ਨਾਂਅ ਸ. ਧਾਲੀਵਾਲ ਦੇ ਨਾਮ ‘ਤੇ ਰੱਖਣਾ ਸਹੀ ਹੈ ਕਿਉਂਕਿ ਉਨ੍ਹਾਂ ਨੇ ਭਾਈਚਾਰੇ ਦੀ ਸੇਵਾ ਲਈ ਆਪਣੀ ਜਾਨ ਵਾਰ ਦਿੱਤੀ।