ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੇਸ਼ ‘ਚ ਹਵਾਈ, ਸਮੁੰਦਰੀ ਜਹਾਜ਼ਾਂ ਅਤੇ ਰੇਲ ਸਫਰ ਕਰਨ ਵਾਸਤੇ ਹਰੇਕ ਵਿਅਕਤੀ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਇਆ ਹੋਣਾ ਲਾਜ਼ਮੀ ਕਰਾਰ ਦਿੱਤਾ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਨਕਾਰੀ ਰਹਿਣ ਵਾਲੇ ਮੁਲਾਜਮਾਂ ਨੂੰ ਜਬਰੀ ਛੁੱਟੀ ‘ਤੇ ਭੇਜਣ ਮਗਰੋਂ ਉਨ੍ਹਾਂ ਦੀ ਨੌਕਰੀ ਖੁੱਸਣ ਦਾ ਖਤਰਾ ਹੋਵੇਗਾ। ਨਵੀਂ ਨੀਤੀ ਇਸੇ ਮਹੀਨੇ ਦੇ ਅਖੀਰ ਤੋਂ ਲਾਗੂ ਹੋਵੇਗੀ। ਇਸ ਮੌਕੇ ਟਰੂਡੋ ਨਾਲ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਹਾਜ਼ਰ ਸਨ। ਕੈਨੇਡਾ ਤੋਂ ਬਾਹਰ ਵਿਦੇਸ਼ੀ ਸਫਰ ਵਾਸਤੇ ਰਹੇਕ ਮੁਸਾਫਿਰ ਲਈ ਟੀਕਾਕਰਨ ਨੀਤੀ (14 ਦਿਨ ਪਹਿਲਾਂ ਦੋਵੇਂ ਟੀਕੇ ਲੱਗੇ ਹੋਣ) ਪਹਿਲਾਂ ਦੀ ਲਾਗੂ ਹੈ। ਕੈਨੇਡਾ ਭਰ ‘ਚ 80 ਫੀਸਦੀ ਤੋਂ ਵੱਧ ਲੋਕਾਂ (ਜੋ ਆਪਣੀ ਉਮਰ ਮੁਤਾਬਿਕ ਟੀਕਾ ਲਗਾਉਣ ਦੇ ਯੋਗ ਹਨ) ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ। ਇਸੇ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਲੰਘੇ ਮਹੀਨੇ ਸਿੱਧੀਆਂ ਹਵਾਈ ਉਡਾਨਾਂ ਸ਼ੁਰੂ ਹੋਣ ਤੋਂ ਬਾਅਦ ਭਾਰਤ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਭਾਰਤ ਜਾਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਭਾਰਤ ‘ਚ ਅਜੇ ਵਿਦੇਸ਼ੀ ਸੈਲਾਨੀਆਂ ਨੂੰ ਆਉਣ ਦੀ ਖੁੱਲ੍ਹ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਨਵੇਂ ਵੀਜ਼ੇ ਲੈਣ ਲਈ ਚਾਰਾਜੋਈ ਕਰਨੀ ਪੈ ਰਹੀ ਹੈ।
ਇਸੇ ਤਰ੍ਹਾਂ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਵਿਅਕਤੀਆਂ ਦੀ ਦਿੱਲੀ ਅਤੇ ਕੈਨੇਡੀਅਨ ਹਵਾਈ ਅੱਡਿਆਂ ਅੰਦਰ ਪੁੱਛ-ਪੜਤਾਲ ਵੀ ਸਖਤ ਹੋਣ ਲੱਗੀ ਹੈ। ਜਿਸ ਤਹਿਤ ਲੰਘੇ ਦਿਨੀਂ ਫਰੀਦਕੋਟ ਤੋਂ ਇਕ ਕੀਰਤਨੀ ਜਥੇ ਦੇ 3 ਮੈਂਬਰਾਂ ਨੂੰ ਵੀਜ਼ਾ ਦੇ ਮੁਕੰਮਲ ਦਸਤਾਵੇਜ ਨਾ ਹੋਣ ਕਾਰਨ ਜਹਾਜ਼ ‘ਚ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਟੋਰਾਂਟੋ ਹਵਾਈ ਅੱਡੇ ‘ਤੇ ਪਹੁੰਚੇ ਪਟਿਆਲਾ ਜ਼ਿਲ੍ਹੇ ਦੇ ਇਕ ਪੰਜਾਬੀ ਨੂੰ ਸੈਲਾਨੀ ਵੀਜ਼ੇ ਨਾਲ ਦਾਖਲ ਹੋ ਕੇ ਕੈਨੇਡਾ ਵਿਚ ਕੰਮ ਕਰਨ (ਟਰੱਕ ਚਲਾਉਣ) ਦੇ ਦੋਸ਼ਾਂ ਤਹਿਤ ਬੇਰੰਗ ਮੋੜਿਆ ਗਿਆ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …