ਹਫਤੇ ਵਿਚ ਤੀਜੀ ਵਾਰ ਪਹੁੰਚੇ ਹਸਪਤਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਨੂੰ ਅੱਜ ਵੀਰਵਾਰ ਨੂੰ ਫਿਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸਤੇਂਦਰ ਜੈਨ ਲੰਘੀ ਬੁੱਧਵਾਰ ਦੀ ਰਾਤ ਨੂੰ ਤਿਹਾੜ ਜੇਲ੍ਹ ਦੇ ਬਾਸ਼ਰੂਮ ਵਿਚ ਬੇਹੋਸ਼ ਕੇ ਡਿੱਗ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਦੀਨ ਦਿਆਲ ਹਸਪਤਾਲ ’ਚ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਹਫਤੇ ਵਿਚ ਤੀਜੀ ਵਾਰ ਹੈ, ਜਦੋਂ ਸਤੇਂਦਰ ਜੈਨ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਇਸ ਤੋਂ ਪਹਿਲਾਂ ਲੰਘੀ 22 ਮਈ ਨੂੰ ਉਨ੍ਹਾਂ ਨੂੰ ਦਿੱਲੀ ਦੇ ਹੀ ਸਫਦਰਜੰਗ ਹਸਪਤਾਲ ਵਿਚ ਲਿਜਾਇਆ ਗਿਆ ਸੀ। ਉਦੋਂ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿਚ ਪ੍ਰੇਸ਼ਾਨੀ ਸੀ। ਇਸ ਤੋਂ ਬਾਅਦ 20 ਮਈ ਨੂੰ ਵੀ ਉਨ੍ਹਾਂ ਨੂੰ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦੀਨ ਦਿਆਲ ਹਸਪਤਾਲ ਵਿਚ ਲਿਜਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ 31 ਮਈ 2022 ਤੋਂ ਜੇਲ੍ਹ ਵਿਚ ਹਨ। ਲੰਘੀ 6 ਅਪ੍ਰੈਲ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਲਈ ਅਪੀਲ ਕੀਤੀ ਸੀ। ਦੱਸਣਾ ਬਣਦਾ ਹੈ ਕਿ ਸਤੇਂਦਰ ਜੈਨ ਮਨੀ ਲਾਂਡਰਿੰਗ ਦੇ ਆਰੋਪਾਂ ਤਹਿਤ ਜੇਲ੍ਹ ਵਿਚ ਬੰਦ ਹਨ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਦੇ ਸਿਆਸੀ ਜ਼ੁਲਮ ਨੂੰ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਭਗਵਾਨ ਉਨ੍ਹਾਂ ਨੂੰ ਮਾਫ ਨਹੀਂ ਕਰੇਗਾ। ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੀ ਸਖਤ ਆਲੋਚਨਾ ਵੀ ਕੀਤੀ ਹੈ।