ਲੋਕ ਘਰਾਂ ‘ਚ ਕੈਦ-ਜੰਮੂ ਕਸ਼ਮੀਰ ‘ਅਜ਼ਾਦ’!
ਨਵੀਂ ਦਿੱਲੀ/ਜੰਮੂ-ਕਸ਼ਮੀਰ : (ਦੀਪਕ ਸ਼ਰਮਾ ਚਨਾਰਥਲ)
70 ਸਾਲਾਂ ਬਾਅਦ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਖੋਹ ਕੇ ਧਾਰਾ 370 ਨੂੰ ਖਤਮ ਕਰਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਵਾਂ ਇਤਿਹਾਸ ਸਿਰਜਦਿਆਂ ਦਾਅਵਾ ਕੀਤਾ ਕਿ ਅੱਜ ਜੰਮੂ-ਕਸ਼ਮੀਰ ਅਜ਼ਾਦ ਹੋ ਗਿਆ ਹੈ ਤੇ ਅਖੰਡ ਭਾਰਤ ਨਾਲ ਜੁੜ ਗਿਆ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਜੰਮੂ-ਕਸ਼ਮੀਰ ਦੇ ਦੋ ਟੁਕੜੇ ਕਰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਦਲਣ ਦਾ ਫੈਸਲਾ ਕਰਕੇ ਖੁਦ ਨੂੰ ਇਤਿਹਾਸ ਰਚੇਤਾ ਦੱਸਦਿਆਂ ਪਿੱਠ ਥਾਪੜ ਰਹੀ ਹੈ ਜਦੋਂਕਿ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਕਿ ਜਿਸ ਭਾਜਪਾ ਨੇ ਖੁਦ ਨਾਗਾਲੈਂਡ ਵਿਚ ਧਾਰਾ 370 ਲਾਈ ਹੋਵੇ, ਉਹ ਕਿਸ ਮੂੰਹ ਨਾਲ ਇਸ ਧਾਰਾ ਦੇ ਖਿਲਾਫ਼ ਬੋਲ ਰਹੀ ਹੈ। ਸਵਾਲ ਇਹ ਵੀ ਉਠ ਰਿਹਾ ਹੈ ਕਿ ਨਾ ਤਾਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਕੋਈ ਰਾਏ ਲਈ ਗਈ ਤੇ ਨਾ ਹੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਭਰੋਸੇ ਵਿਚ ਲਿਆ ਗਿਆ। ਸਵਾਲ ਤਾਂ ਇਹ ਵੀ ਹੈ ਕਿ ਪੂਰਾ ਜੰਮੂ-ਕਸ਼ਮੀਰ ਅੱਜ ਫੌਜੀ ਛਾਉਣੀ ਵਿਚ ਤਬਦੀਲ ਹੈ, ਹਰ ਘਰ ਦੇ ਉਤੇ ਰਫ਼ਲ ਤਣੀ ਹੋਈ ਹੈ, ਹਰ 7 ਤੋਂ 9 ਵਿਅਕਤੀਆਂ ਪਿੱਛੇ ਇਕ ਫੌਜੀ ਤਾਇਨਾਤ ਹੈ ਤੇ ਫਿਰ ਵੀ ਆਖਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਅਜ਼ਾਦ ਹੋ ਗਿਆ ਹੈ। ਲੋਕ ਘਰਾਂ ਵਿਚ ਕੈਦ ਹਨ ਤੇ ਦਾਅਵਾ ਅਜ਼ਾਦੀ ਦਾ ਕੀਤਾ ਜਾ ਰਿਹਾ ਹੈ। ਫੋਨ, ਇੰਟਰਨੈਟ ਇਥੋਂ ਤੱਕ ਕਿ ਲੈਂਡਲਾਈਨ ਵੀ ਠੱਪ ਕਰਕੇ ਪੂਰੇ ਦੇਸ਼ ਤੇ ਦੁਨੀਆ ਤੋਂ ਕਟ ਚੁੱਕੇ ਜੰਮੂ-ਕਸ਼ਮੀਰ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਹੁਣ ਅਖੰਡ ਭਾਰਤ ਨਾਲ ਜੁੜ ਗਿਆ।
ਇਨ੍ਹਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ
ਲੋਕਤੰਤਰ ਦੇ ਚੋਲੇ ‘ਚ ਤਾਨਾਸ਼ਾਹੀ : ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਜੰਮੂ-ਕਸ਼ਮੀਰ ਦੇ ਵਾਸੀਆਂ ਤੇ ਨੁਮਾਇੰਦਿਆਂ ਦੀ ਰਾਏ ਤਾਂ ਕੀ ਲੈਣੀ ਸੀ, ਆਪਣੇ ਸੰਸਦ ਮੈਂਬਰਾਂ, ਇਥੋਂ ਤੱਕ ਕਿ ਆਪਣੀ ਕੈਬਨਿਟ ਨੂੰ ਵੀ ਭਰੋਸੇ ‘ਚ ਨਹੀਂ ਲਿਆ।
ਸੱਤਾ ਦੀ ਲਾਲਸਾ : ਘੱਟ ਗਿਣਤੀਆਂ ਦੇ ਹੱਕ ‘ਚ ਖਲੋਣ ਵਾਲੀ, ਪੰਜਾਬੀ ਸੂਬੇ ਲਈ ਮੋਰਚੇ ਲਾਉਣ ਵਾਲੀ ਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਹਮਾਇਤੀ ਅਕਾਲੀ ਦਲ ਪਾਰਟੀ ਹਾਅ ਦਾ ਨਾਹਰਾ ਵੀ ਨਾ ਮਾਰ ਸਕੀ, ਕੱਲ੍ਹ ਨੂੰ ਇਹ ਸੇਕ ਪੰਜਾਬ ਤੱਕ ਪਹੁੰਚ ਸਕਦਾ ਹੈ।
ਖਾਣ ਦੇ ਦੰਦ ਹੋਰ ਦਿਖਾਉਣ ਦੇ ਹੋਰ : ਦਿੱਲੀ ਨੂੰ ਸੰਪੂਰਨ ਸੂਬਾ ਬਣਾਉਣ ਦੀ ਮੰਗ ਕਰਨ ਵਾਲੇ ਅਰਵਿੰਦ ਕੇਜਰੀਵਾਲ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਜਦੋਂ ਉਨ੍ਹਾਂ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ‘ਤੇ ਮੋਦੀ ਨੂੰ ਵਧਾਈ ਦਿੱਤੀ।
ਵਿਰੋਧੀ ਧਿਰ ਦੇ ਦਾਣੇ ਮੁੱਕੇ : ਬਿਨ ਲਾੜੇ ਦੀ ਬਰਾਤ ਬਣੀ ਕਾਂਗਰਸ ਕੋਲ ਸਮਝ ਤੇ ਸਿਆਣਪ ਦੀ ਘਾਟ ਮਹਿਸੂਸ ਹੋ ਰਹੀ ਹੈ। ਰਾਹੁਲ ਗਾਂਧੀ ਇਸ ਫੈਸਲੇ ਦਾ ਵਿਰੋਧ ਕਰਦੇ ਹਨ ਤੇ ਉਨ੍ਹਾਂ ਦੇ ਸਾਥੀ ਸਿੰਧੀਆ ਭਾਜਪਾ ਦੇ ਫੈਸਲੇ ਦਾ ਸਮਰਥਨ ਕਰਦੇ ਹਨ।
ਹੁਣ ਜੰਮੂ-ਕਸ਼ਮੀਰ ਤੇ ਲੱਦਾਖ ਵਿਕਾਸ ਦੇ ਰਾਹ ‘ਤੇ ਦੌੜਨਗੇ : ਮੋਦੀ
ਰਾਸ਼ਟਰ ਦੇ ਨਾਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਨੂੰ ਦਹਾਕਿਆਂ ਤੱਕ ਕੇਵਲ ਅੱਤਵਾਦ, ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦਿੱਤਾ। ਪਰ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਬਣੇ ਜੰਮੂ-ਕਸ਼ਮੀਰ ਤੇ ਲੱਦਾਖ ਵਿਕਾਸ ਦੇ ਰਾਹ ‘ਤੇ ਤੇਜੀ ਨਾਲ ਅੱਗੇ ਵਧਣਗੇ। ਧਾਰਾ 370 ਨੂੰ ਲੈ ਕੇ ਪ੍ਰਧਾਨ ਮੰਤਰੀ ਨੇ 40 ਮਿੰਟ ਭਾਸ਼ਣ ਦਿੱਤਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …