Breaking News
Home / ਹਫ਼ਤਾਵਾਰੀ ਫੇਰੀ / ਵਾਹਿਗੁਰੂ : ਚੋਰਾਂ ਨੇ ਤੇਰਾ ਘਰ ਵੀ ਨਾ ਛੱਡਿਆ

ਵਾਹਿਗੁਰੂ : ਚੋਰਾਂ ਨੇ ਤੇਰਾ ਘਰ ਵੀ ਨਾ ਛੱਡਿਆ

ਢਿੱਲੀ ਸੁਰੱਖਿਆ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਅੱਠ ਦਿਨਾਂ ਵਿਚ ਹੋਈਆਂ 146 ਚੋਰੀਆਂ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਤੀਰਥ ਅਸਥਾਨਾਂ ਲਈ ਦੇਸ਼ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਇੱਥੇ ਆਉਂਦੇ ਹਨ। ਇਨ੍ਹਾਂ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਨ੍ਹਾਂ ਦਾ ਸਮਾਨ ਚੋਰੀ ਹੋ ਜਾਂਦਾ ਹੈ। ਗੁਰੂਨਗਰੀ ਪੁੱਜਣ ਵਾਲੇ ਸ਼ਰਧਾਲੂਆਂ ਦਾ ਸਮਾਨ ਚੋਰੀ ਹੋਣ ਦੇ ਨਾਲ-ਨਾਲ ਕਈ ਵਾਰ ਖੋਹਬਾਜ਼ੀ ਹੋ ਚੁੱਕੀ ਹੈ, ਜਿਸ ‘ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਲਈ ਅਸਕਰ ਢਿੱਲਮੱਠ ਹੀ ਦਿਖਾਉਂਦਾ ਹੈ। ਯਾਤਰੀਆਂ ਨਾਲ ਜਦੋਂ ਚੋਰੀ ਜਾਂ ਖੋਹਬਾਜ਼ੀ ਵਰਗੀ ਮਾੜੀ ਘਟਨਾ ਵਾਪਰਦੀ ਹੈ ਤਾਂ ਇਹ ਉਨ੍ਹਾਂ ਦੇ ਦਿਮਾਗ ਵਿਚ ਸਦਾ ਲਈ ਅੰਕਿਤ ਹੋ ਜਾਂਦੀ ਹੈ।
ਮਾੜੀ ਘਟਨਾ ਵਾਪਰਨ ਦੀ ਸੂਰਤ ਵਿਚ ਪੁਲਿਸ ਸਿਰਫ ਐਫਆਈਆਰ ਦਰਜ ਕਰਕੇ ਉਸ ਨੂੰ ਕਾਪੀ ਦੇਣ ਤੋਂ ਇਲਾਵਾ ਉਸਦੀ ਹੋਰ ਕੋਈ ਮੱਦਦ ਨਹੀਂ ਕਰਦੀ। ਜੇਕਰ ਗੱਲ ਕਰੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਉਥੇ ਵੀ ਲਗਾਤਾਰ ਸੰਗਤਾਂ ਨਾਲ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰਿਕਰਮਾ ਦੇ ਕਮਰਾ ਨੰਬਰ 60 ਵਿਚ ਬਣੇ ਸੀਸੀ ਟੀਵੀ ਕੰਟਰੋਲ ਰੂਮ ਰਾਹੀਂ ਸੰਗਤਾਂ ਚੋਰੀ ਹੋਏ ਸਮਾਨ ਅਤੇ ਚੋਰ ਦੀ ਭਾਲ ਲਈ ਪੁੱਜਦੀਆਂ ਹਨ। ਬਹੁਤੇ ਮਾਮਲਿਆਂ ਵਿਚ ਚੋਰ ਫੜ ਕੇ ਲੋਕਾਂ ਦਾ ਸਮਾਨ ਬਰਾਮਦ ਕਰ ਲਿਆ ਜਾਂਦਾ ਹੈ ਅਤੇ ਸਮਾਨ ਸੰਗਤਾਂ ਨੂੰ ਦੇ ਕੇ ਚੋਰ ਪੁਲਿਸ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। ਪੁਲਿਸ ਕਾਰਵਾਈ ਵੀ ਕਰਦੀ ਹੈ, ਪਰ ਇਸ ਸਭ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਘੀ 29 ਜੁਲਾਈ ਤੋਂ ਲੈ ਕੇ ਇਸ 5 ਅਗਸਤ ਤੱਕ 146 ਚੋਰੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 28 ਰਿਕਵਰੀਆਂ ਕਰ ਲਈਆਂ ਗਈਆਂ ਹਨ ਅਤੇ 20 ਚੋਰ ਵੀ ਪੁਲਿਸ ਦੇ ਹਵਾਲੇ ਕੀਤੀ ਗਏ। ਇਸ ਤੋਂ ਇਲਾਵਾ ਇਨ੍ਹਾਂ 8 ਦਿਨਾਂ ਵਿਚ 6 ਮੋਟਰ ਸਾਈਕਲ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਚੋਰੀ ਹੋਏ। ਇਨ੍ਹਾਂ ਵਿਚੋਂ ਕਈ ਘਟਨਾਵਾਂ ਸੀਸੀ ਟੀਵੀ ਕੈਮਰਿਆਂ ਵਿਚ ਕੈਦ ਹੋਈਆਂ। ਭਾਵੇਂ ਇਨ੍ਹਾਂ ਘਟਨਾਵਾਂ ਸਬੰਧੀ ਗਲਿਆਰਾ ਚੌਕੀ ਪੁਲਿਸ ਨੂੰ ਲਗਾਤਾਰ ਸੂਚਿਤ ਕੀਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
500 ਸੀਸੀ ਟੀਵੀ ਕੈਮਰਿਆਂ ‘ਤੇ ਨਜ਼ਰ ਰੱਖਦਾ ਹੈ ਕੰਟਰੋਲ ਰੂਮ
ਭਾਵੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੋਰੀਆਂ ਨੂੰ ਰੋਕਣ ਲਈ ਸੀਸੀ ਟੀਵੀ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਦੀ ਸ਼ੁਰੂਆਤ 90 ਕੈਮਰਿਆਂ ਤੋਂ ਕੀਤੀ ਗਈ ਸੀ ਤੇ ਇਸ ਵੇਲੇ 500 ਕੈਮਰੇ ਮਾੜੇ ਅਨਸਰਾਂ ‘ਤੇ ਨਜ਼ਰ ਰੱਖਣ ਲਈ ਲੱਗ ਚੁੱਕੇ ਹਨ। 500 ਕੈਮਰਿਆਂ ਨੂੰ ਚਲਾਉਣ ਲਈ 9 ਅਪਰੇਟਰ ਕੰਮ ਕਰ ਰਹੇ ਹਨ ਅਤੇ 12 ਸਿਵਲ ਵਰਦੀ ਵਿਚ ਸੁਰੱਖਿਆ ਮੁਲਾਜ਼ਮ 24 ਘੰਟੇ ਡਿਊਟੀ ਕਰ ਰਹੇ ਹਨ, ਪਰ ਵਾਰਦਾਤਾਂ ਲਗਾਤਾਰ ਜਾਰੀ ਹਨ।
ਸੰਗਤ ਸੁਚੇਤ ਹੋਵੇ : ਮੈਨੇਜਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਸੀਸੀ ਟੀਵੀ ਦੀ ਮੱਦਦ ਨਾਲ ਸੰਗਤਾਂ ਦੇ ਚੋਰੀ ਹੋਏ ਸਮਾਨ ਨੂੰ ਬਰਾਮਦ ਕਰਕੇ ਸੰਗਤਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਦਰਸ਼ਨ ਕਰਨ ਸਮੇਂ ਸੰਗਤਾਂ ਜਿੱਥੇ ਦਰਸ਼ਨ ਕਰਦੀਆਂ ਹਨ, ਉਥੇ ਹੀ ਆਪਣੇ ਸਮਾਨ ਦਾ ਵੀ ਖਾਸ ਧਿਆਨ ਰੱਖਣ।

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …