Breaking News
Home / ਹਫ਼ਤਾਵਾਰੀ ਫੇਰੀ / ‘ਪਰਵਾਸੀ’ ਬਣਿਆ ਸੰਪੂਰਨ ਸੰਸਥਾ

‘ਪਰਵਾਸੀ’ ਬਣਿਆ ਸੰਪੂਰਨ ਸੰਸਥਾ

17 ਵਰ੍ਹਿਆਂ ਦੇ ਸਫ਼ਰ ਦੌਰਾਨ ‘ਪਰਵਾਸੀ’ ਅਦਾਰਾ ਕਈ ਮੀਲ ਪੱਥਰ ਸਥਾਪਿਤ ਕਰਦਾ ਰਿਹਾ,ਅੱਜ ਪਾਠਕਾਂ ਲਈ ‘ਪਰਵਾਸੀ’ ਅਖ਼ਬਾਰ ਹੈ, ਅੱਜ ਸਰੋਤਿਆਂ ਲਈ ‘ਪਰਵਾਸੀ’ ਰੇਡੀਓ ਹੈ, ਦਰਸ਼ਕਾਂ ਲਈ ਏਬੀਪੀ ਸਾਂਝਾ ਤੇ ‘ਪਰਵਾਸੀ’ ਟੀਵੀ ਹੈ, ਇਸ ਤੋਂ ਇਲਾਵਾ ਪਰਵਾਸੀ ਜੀਟੀਏ ਬਿਜਨਸ ਡਾਇਰੈਕਟਰੀ ਹੈ ਤੇ ਆਨਲਾਈਨ ਵੇਖਣ ਵਾਲਿਆਂ ਲਈ ਪਰਵਾਸੀ ਵੈਬਸਾਈਟ ਹੈ ਬਲਕਿ ਅੰਗਰੇਜ਼ੀ ਪਾਠਕਾਂ ਲਈ ਵੀ ਹੁਣ ‘ਦ ਕੈਨੇਡੀਅਨ ਪਰਵਾਸੀ’ ਅਖਬਾਰ ਹੈ। ਹੋਰ ਬਹੁਤ ਕੁਝ ਹੈ ਅਦਾਰਾ ‘ਪਰਵਾਸੀ’ ਦੇ ਪਟਾਰੇ ਵਿਚ। ਤੁਸੀਂ ਸਭ ਵੀ ਤਾਂ ਹੋ ‘ਪਰਵਾਸੀ’ ਦੇ ਸ਼ੁਭਚਿੰਤਕ, ਸਾਥੀ ਜਿਨ੍ਹਾਂ ਸਦਕਾ ਇਹ ਸਫ਼ਰ ਜਾਰੀ ਹੈ।
‘ਪਰਵਾਸੀ’ ਬਣਿਆ ਸੰਪੂਰਨ ਸੰਸਥਾ
ਰਜਿੰਦਰ ਸੈਣੀ ਜਿਸ ਦਿਨ ਕੈਨੇਡਾ ਆਉਂਦੇ ਹਨ ਉਸ ਦਿਨ ਉਨ੍ਹਾਂ ਦੀ ਪਹਿਚਾਣ ਰਜਿੰਦਰ ਸੈਣੀ ਹੀ ਹੁੰਦੀ ਹੈ। ਪਰ ਸੰਨ 2002 ਦੀ 19 ਅਪ੍ਰੈਲ ਨੂੰ ਉਹ ਟੋਰਾਂਟੋ ਤੋਂ ਜਦੋਂ ਪੰਜਾਬੀ ਭਾਈਚਾਰੇ ਲਈ ‘ਪਰਵਾਸੀ’ ਅਖਬਾਰ ਦਾ ਤੋਹਫ਼ਾ ਲੈ ਕੇ ਸਾਹਮਣੇ ਆਉਂਦੇ ਹਨ ਤਦ ਉਨ੍ਹਾਂ ਨੂੰ ‘ਪਰਵਾਸੀ’ ਅਖਬਾਰ ਵਾਲਾ ਰਜਿੰਦਰ ਸੈਣੀ ਆਖਿਆ ਜਾਂਦਾ ਹੈ। ਉਹ ਦਿਨ ਤੇ ਆਹ ਦਿਨ 17 ਵਰ੍ਹੇ ਹੋ ਗਏ ਅਦਾਰਾ ‘ਪਰਵਾਸੀ’ ਦੀ ਸਥਾਪਨਾ ਤੇ ਪਰਵਾਸੀ ਅਖਬਾਰ ਨੂੰ। ਮਿਹਨਤ ਜਾਰ ਰਹੀ ਤੇ ‘ਪਰਵਾਸੀ’ ਅਖਬਾਰ ਨਾਲ ਜੁੜਦਾ ਗਿਆ ‘ਪਰਵਾਸੀ ਰੇਡੀਓ’, ‘ਪਰਵਾਸੀ ਵੈਬਸਾਈਟ’, ‘ਪਰਵਾਸੀ ਜੀਟੀਏ ਡਾਇਰੈਕਟਰੀ’, ‘ਏਬੀਪੀ ਸਾਂਝਾ ਦੇ ਰੂਪ ਵਿਚ ਪਰਵਾਸੀ ਟੀਵੀ’ ਇਸੇ ਤਰ੍ਹਾਂ ‘ਪਰਵਾਸੀ’ ਐਵਾਰਡ, ਪੀਫ਼ਾ ਐਵਾਰਡ, ਪਰਵਾਸੀ ਰਾਹਤ ਫੰਡ ਤੇ ਹੋਰ ਕਿੰਨਾ ਕੁਝ ਇਸ 17 ਸਾਲਾਂ ਦੇ ਸਫ਼ਰ ਦੌਰਾਨ ਅਦਾਰਾ ‘ਪਰਵਾਸੀ’ ਦੀ ਝੋਲੀ ਵਿਚ ਪਿਆ ਤੇ ਅੱਜ ਰਜਿੰਦਰ ਸੈਣੀ ਦਾ ਦੂਜਾ ਨਾਂ ‘ਪਰਵਾਸੀ’ ਹੋ ਗਿਆ ਹੈ। ਪਰਵਾਸੀ ਨੂੰ ਔਲਾਦ ਵਾਂਗ ਪਾਲ਼ ਕੇ 17 ਸਾਲਾਂ ਦਾ ਕਰਨ ਵਿਚ ਜਿੱਥੇ ਆਰ ਤੇ ਪਾਰ ਵਾਲੀਆਂ ਦੋਵਾਂ ਮੁਲਕਾਂ ਦੀਆਂ ਟੀਮਾਂ ਦਾ ਵਡਮੁੱਲਾ ਯੋਗਦਾਨ ਹੈ, ਉਥੇ ਸਭ ਤੋਂ ਵੱਡੀ ਭੂਮਿਕਾ ਜੇਕਰ ਕਿਸੇ ਦੀ ਹੈ ਤਾਂ ਉਹ ਰਜਿੰਦਰ ਸੈਣੀ ਦੇ ਬਰਾਬਰ ਹੈ ਮੈਡਮ ਮੀਨਾਕਸ਼ੀ ਸੈਣੀ ਦੀ। ਇਸੇ ਉਮੀਦ ਨਾਲ ਕਿ ਹਰ ਔਖੇ-ਸੌਖੇ ਸਮੇਂ ਅਦਾਰਾ ‘ਪਰਵਾਸੀ’ ਨਾਲ ਡਟਣ ਵਾਲੇ ਸਾਡੇ ਸਹਿਯੋਗੀ, ਸੰਗੀ-ਸਾਥੀ, ਬਿਜਨਸ ਸਾਥੀ, ਸਮੁੱਚੇ ਪਾਠਕ, ਸਰੋਤੇ, ਦਰਸ਼ਕ ਤੇ ਹੋਰ ਮਿੱਤਰ ਹਮੇਸ਼ਾ ਵਾਂਗ ਸਾਡੇ ਨਾਲ ਹੋਣਗੇ ਤੇ ਅਸੀਂ ‘ਪਰਵਾਸੀ’ ਦਾ ਇਹ ਸਫ਼ਰ ਸਾਲ ਦਰ ਸਾਲ ਇੰਝ ਹੀ ਜਾਰੀ ਰੱਖਾਂਗੇ ਤੇ ਨਵੇਂ ਮੀਲ ਪੱਥਰ ਸਥਾਪਤ ਕਰਦੇ ਰਹਾਂਗੇ। ਸਭ ਦੀ ਖ਼ੈਰ ਮੰਗਦੇ ਹਾਂ।
-ਦੀਪਕ ਸ਼ਰਮਾ ਚਨਾਰਥਲ
ਟਰੂਡੋ ਸਰਕਾਰ ਨੇ ਰਿਪੋਰਟ ‘ਚੋਂ ਸਿੱਖ ਵਿਰੋਧੀ ਸ਼ਬਦ ਹਟਾਏ
ਵੈਨਕੂਵਰ ਵਿਸਾਖੀ ਦੇ ਨਗਰ ਕੀਰਤਨ ‘ਚ ਪ੍ਰਧਾਨ ਮੰਤਰੀ ਟਰੂਡੋ ਨੇ ਕੀਤੀ ਸ਼ਮੂਲੀਅਤ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇਕ ਬਿਆਨ ਜਾਰੀ ਕਰਦਿਆਂ ਸਿੱਖਾਂ ਨੂੰ ਰਾਹਤ ਦਿੰਦਿਆਂ 2018 ਦੀ ਅੱਤਵਾਦ ਸਬੰਧੀ ਜਾਰੀ ਕੀਤੀ ਇਕ ਰਿਪੋਰਟ ਵਿਚੋਂ ਸਿੱਖ ਅਤੇ ਖ਼ਾਲਿਸਤਾਨੀ ਸ਼ਬਦ ਹਟਾ ਦਿੱਤੇ ਹਨ। ਲੰਘੇ ਸਾਲ 11 ਦਸੰਬਰ ਨੂੰ ਜਨਤਕ ਸੁਰੱਖਿਆ (ਪਬਲਿਕ ਸੇਫ਼ਟੀ) ਕੈਨੇਡਾ ਵਲੋਂ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿਚ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਕੱਟੜ ਵਿਚਾਰਧਾਰਾ ਵਾਲੇ ਵਿਅਕਤੀਆਂ ਦੇ ਹਵਾਲੇ ਨਾਲ ਪੰਜ ਕੁ ਸਤਰਾਂ ਦਾ ਇਕ ਪੈਰ੍ਹਾ ਸ਼ਾਮਿਲ ਕੀਤਾ ਗਿਆ ਸੀ ਉਸ ਪੈਰੇ ਦਾ ਸਿਰਲੇਖ ‘ਸਿੱਖ (ਖ਼ਾਲਿਸਤਾਨੀ) ਕੱਟੜਵਾਦ’ ਰੱਖਿਆ ਗਿਆ ਸੀ। ਉਸ ਰਿਪੋਰਟ ਵਿਚ ਸਪਸ਼ਟ ਲਿਖਿਆ ਗਿਆ ਸੀ ਕਿ ਖ਼ਾਲਿਸਤਾਨੀ ਅੱਤਵਾਦੀਆਂ ਦੁਆਰਾ 1985 ਵਿਚ ਏਅਰ ਇੰਡੀਆ ਬੰਬ ਕਾਂਡ ਵਿਚ 331 ਲੋਕ ਮਾਰੇ ਗਏ ਸਨ, ਜੋ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅੱਤਵਾਦੀ ਸਾਜਿਸ਼ ਸੀ। ਅਜਿਹੀ ਸੰਵੇਦਨਸ਼ੀਲ ਰਿਪੋਰਟ ਵਿਚ ਸਿੱਖ ਅਤੇ ਖ਼ਾਲਿਸਤਾਨੀ ਸ਼ਬਦ ਸ਼ਾਮਿਲ ਕੀਤੇ ਜਾਣ ਤੋਂ ਕੈਨੇਡਾ ਵਾਸੀ ਸਿੱਖਾਂ ਅੰਦਰ ਪਹਿਲੇ ਦਿਨ ਤੋਂ ਹੀ ਰੋਸ ਸੀ ਕਿਉਂਕਿ ਉਸ ਪੈਰੇ ਤੋਂ ਪ੍ਰਭਾਵ ਅਜਿਹਾ ਮਿਲਦਾ ਸੀ ਕਿ ਸਾਰੇ ਸਿੱਖਾਂ ਤੋਂ ਕੈਨੇਡਾ ਨੂੰ ਖ਼ਤਰਾ ਹੈ। ਅਜਿਹੇ ਵਿਚ ਕੈਨੇਡਾ ਵਾਸੀ ਸਿੱਖਾਂ ਦੇ ਮਨਾਂ ਅੰਦਰ ਅਸੁਰੱਖਿਆ (ਨਸਲਵਾਦੀ ਹਮਲੇ ਦਾ ਸ਼ਿਕਾਰ ਹੋਣ) ਦੀ ਭਾਵਨਾ ਵਧੀ ਸੀ। ਇਹ ਵੀ ਕੈਨੇਡਾ ਵਿਖੇ ਡੇਢ ਦਰਜਨ ਸੰਸਦ ਮੈਂਬਰਾਂ ਅਤੇ ਸਰਕਾਰ ਵਿਚ ਚਾਰ ਸੀਨੀਅਰ ਸਿੱਖ ਕੈਬਨਿਟ ਮੰਤਰੀਆਂ ਦੇ ਹੁੰਦਿਆਂ ਸਿੱਖ ਕੌਮ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਉਹ ਰਿਪੋਰਟ ਜਾਰੀ ਹੋਈ ਸੀ ਜਦਕਿ ਸਰਕਾਰ ਦੀ ਸਾਲਾਨਾ ਰਿਪੋਰਟ ਵਿਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ ਅਤੇ ਨਾ ਹੀ ਸਿੱਖਾਂ ਵਲੋਂ ਕੈਨੇਡਾ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਉਦਾਹਰਨ ਮਿਲੀ ਸੀ। ਕੈਨੇਡੀਅਨ ਸਿੱਖ ਸੰਸਥਾਵਾਂ ਵਲੋਂ ਸਖ਼ਤ ਰੁਖ ਅਖ਼ਤਿਆਰ ਕਰਨ ਤੋਂ ਬਾਅਦ ਸਰਕਾਰ ਵਿਚ ਹਿਲਜੁਲ ਹੋਈ ਸੀઠਤੇ ਸਿੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਤਾਂ ਮੰਤਰੀ ਗੁਡੇਲ ਨੇ ਰਿਪੋਰਟ ਵਿਚ ਸ਼ਾਮਿਲ ਇਤਰਾਜ਼ਯੋਗ ਸ਼ਬਦਾਵਲੀ ਦੀ ਪੜਚੋਲ ਕਰਨ ਦਾ ਵਾਅਦਾ ਕੀਤਾ ਸੀ । ਉਨ੍ਹਾਂ ਨੇ ਮੰਨਿਆ ਸੀ ਕਿ ਰਿਪੋਰਟ ਦੀ ਸ਼ਬਦਾਵਲੀ ਵਿਚ ਵਿਚਾਰਧਾਰਾ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਲੰਘੇ ਚਾਰ ਕੁ ਮਹੀਨੇ ਕੈਨੇਡਾ ਸਰਕਾਰ ਦੀ ਉਸ ਰਿਪੋਰਟ ਬਾਰੇ ਪੜਚੋਲ ਚਲਦੀ ਰਹੀ ਜਿਸ ਦੌਰਾਨ ਸਿੱਖ ਜਥੇਬੰਦੀਆਂ ਤੇ ਕੈਨੇਡੀਅਨ ਪੰਜਾਬੀ ਮੀਡੀਆ ਨੇ ਇਸ ਮੁੱਦੇ ਤੋਂ ਸਰਕਾਰ ਦੇ ਮੰਤਰੀਆਂ, ਸਹਿਯੋਗੀਆਂ ਤੇ ਸੰਸਦ ਮੈਂਬਰਾਂ ਦਾ ਧਿਆਨ ਭਟਕਣ ਨਾ ਦਿੱਤਾ। ਇਥੋਂ ਤੱਕ ਕਿ ਕੈਨੇਡਾ ਸਥਿਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਤਾਂ ਕਿ ਸਾਰੀ ਸਿੱਖ ਕੌਮ ਉੱਪਰ ਲਗਾਏ ਗਏ ਕੱਟੜਵਾਦ ਦੇ ਲੇਬਲ ਬਾਰੇ ਜਵਾਬ ਲਿਆ ਜਾ ਸਕੇ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ, ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ, ਉਨਟਾਰੀਓ ਸਿੱਖ ਐਂਡ ਗੁਰਦੁਆਰਾਜ਼ ਕੌਂਸਲ ਦੇ ਚੇਅਰਮੈਨ ਗੁਬਿੰਦਰ ਸਿੰਘ ਰੰਧਾਵਾ ਤੇ ਗੁਰਦੁਆਰਾ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸਿੱਖ ਗੁਰਦੁਆਰਾ ਕੌਂਸਲ ਤੋਂ ਮੋਨਿੰਦਰ ਸਿੰਘ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ। ਸਰਕਾਰ ਤੋਂ ਕੈਨੇਡੀਅਨ ਸਿੱਖਾਂ ਦੇ ਅਕਸ ਉੱਪਰ ਲਗਾਏ ਗਏ ਦੋਸ਼ ਸਾਬਤ ਕਰਨ ਜਾਂ ਰਿਪੋਰਟ ਵਿਚੋਂ ਇਤਰਾਜ਼ਯੋਗ ਪੈਰਾ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਹੁਣ ਜਾ ਕੇ ਬੂਰ ਪਿਆ ਤੇ ਇਸ ਰਿਪੋਰਟ ਵਿਚੋਂ ਸਿੱਖ ਭਾਈਚਾਰੇ ਵਿਰੋਧੀ ਸ਼ਬਦਾਂ ਨੂੰ ਹਟਾ ਕੇ ਕੈਨੇਡਾ ‘ਚ ਸਿੱਖ ਭਾਈਚਾਰੇ ਦੀ ਸ਼ਾਨ ਨੂੰ ਪਹਿਲਾਂ ਵਾਂਗ ਹੀ ਬਹਾਲ ਰੱਖਿਆ ਗਿਆ ਹੈ।
ਕੀ 20 ਸੀਟਾਂ ਦੇ ਨੁਕਸਾਨ ਤੋਂ ਡਰੀ ਲਿਬਰਲ ਸਰਕਾਰ?
ਵੈਨਕੂਵਰ : ਕੈਨੇਡਾ ਦੀ ਰਾਜਨੀਤੀ ‘ਚ ਸਿੱਖ ਵੋਟਰਜ਼ ਦਾ ਮਹੱਤਵ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਸਦ ‘ਚ 18 ਸਿੱਖ ਸੰਸਦ ਮੈਂਬਰ ਹਨ। ਕੈਨੇਡਾ ਦੀ ਅਬਾਦੀ ‘ਚ ਉਨ੍ਹਾਂ ਦਾ ਯੋਗਦਾਨ 2 ਫੀਸਦੀ ਤੋਂ ਘੱਟ ਹੈ ਅਤੇ ਵੋਟਰਜ਼ ਦੀ ਗਿਣਤੀ ਤਾਂ 1 ਫੀਸਦੀ ਤੋਂ ਵੀ ਘੱਟ ਹੈ ਪ੍ਰੰਤੂ ਉਹ 17 ਤੋਂ 20 ਫੈਡਰਲ ਸੀਟਾਂ ‘ਤੇ ਉਮੀਦਵਾਰਾਂ ਦੀ ਜਿੱਤ ਤਹਿ ਕਰਨ ਦੀ ਸਥਿਤੀ ‘ਚ ਹਨ। ਇਸ ਸਾਲ ਚੋਣਾਂ ਹਨ ਅਤੇ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲਿਬਰਲ 17 ਤੋਂ 20 ਸੀਟਾਂ ‘ਤੇ ਸਿੱਧੇ ਨੁਕਸਾਨ ਨੂੰ ਸਹਿਨ ਨਹੀਂ ਕਰ ਸਕਦੇ। ਇਸ ਖ਼ਤਰੇ ਨੂੰ ਦੇਖਦੇ ਹੋਏ ਫੈਡਰਲ ਕੈਨੇਡਾ ਸਰਕਾਰ ਨੇ ਪਬਲਿਕ ਸੇਫਟੀ ਰਿਪੋਰਟ ਕੈਨੇਡਾ ਤੋਂ ਸਿੱਖ (ਖਾਲਿਸਤਾਨ) ਅੱਤਵਾਦ ਦਾ ਜ਼ਿਕਰ ਖਤਮ ਕਰ ਦਿੱਤਾ ਹੈ। ਇਹ ਫੈਸਲਾ ਕਰਨ ਤੋਂ ਬਾਅਦ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੈਨਕੂਵਰ ‘ਚ ਸਿੱਖ ਗੁਰਦੁਆਰਾ ਸਾਹਿਬ ‘ਚ ਗਏ ਅਤੇ ਵਿਸਾਖੀ ਪਰੇਡ ‘ਚ ਹਿੱਸਾ ਲਿਆ। ਧਿਆਨ ਰਹੇ ਕਿ ਕੈਨੇਡਾ ‘ਚ ਤੀਜੇ ਨੰਬਰ ਦੀ ਰਾਜਨੀਤਿਕ ਪਾਰਟੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਪਹਿਲਾਂ ਹੀ ਇਸ ਮਾਮਲੇ ਨੂੰ ਉਠਾ ਰਹੇ ਸਨ। ਸਿੱਖ ਹੋਣ ਦੇ ਨਾਤੇ ਉਨ੍ਹਾਂ ਦੀ ਗੱਲ ਨੂੰ ਜ਼ਿਆਦਾ ਗੰਭੀਰਤਾ ਨਾਲ ਵੀ ਲਿਆ ਜਾ ਰਿਹਾ ਸੀ।
ਅਮਰਿੰਦਰ ਫੈਸਲੇ ਦੇ ਖਿਲਾਫ਼
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਟਰੂਡੋ ਸਰਕਾਰ ਦੇ ਫੈਸਲੇ ਦੇ ਵਿਰੁੱਧ ਖੜ੍ਹੇ ਨਜ਼ਰ ਆਏ। ਉਨ੍ਹਾਂ ਰਿਪੋਰਟ ‘ਚੋਂ ਖਾਲਿਸਤਾਨ ਨਾਲ ਸਬੰਧਤ ਸ਼ਬਦਾਂ ਨੂੰ ਹਟਾਉਣ ਦਾ ਇਕ ਤਰ੍ਹਾਂ ਨਾਲ ਵਿਰੋਧ ਕੀਤਾ। ਅਮਰਿੰਦਰ ਸਿੰਘ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਵੋਟਾਂ ਦੇ ਲਾਲਚ ‘ਚ ਅਜਿਹਾ ਫੈਸਲਾ ਲਿਆ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …