Breaking News
Home / ਹਫ਼ਤਾਵਾਰੀ ਫੇਰੀ / ਜਵਾਨਾਂ ਨੇ ਮੋੜ ਦਿੱਤੀ ਭਾਜੀ

ਜਵਾਨਾਂ ਨੇ ਮੋੜ ਦਿੱਤੀ ਭਾਜੀ

uri-attack-what-should-be-indias-responseਉੜੀ ਹਮਲੇ ਦੇ ਜਵਾਬ ‘ਚ ਭਾਰਤੀ ਜਵਾਨਾਂ ਨੇ ਮਾਰ ਸੁੱਟੇ 10 ਅੱਤਵਾਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਉੜੀ ਵਿੱਚ ਫੌਜੀ ਕੈਂਪ ‘ਤੇ ਹਮਲੇ ਤੋਂ ਦੋ ਦਿਨ ਬਾਅਦ ਅੱਤਵਾਦੀਆਂ ਵੱਲੋਂ ਕਸ਼ਮੀਰ ਵਿੱਚ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੁਸਤੈਦ ਸੁਰੱਖਿਆ ਜਵਾਨਾਂ ਨੇ ਦਸ ਘੁਸਪੈਠੀਆਂ ਨੂੰ ਮਾਰ ਕੇ ਉਨ੍ਹਾਂ ਦੇ ਇਰਾਦੇ ਨਾਕਾਮ ਕਰ ਦਿੱਤੇ। ਇਸ ਕਾਰਵਾਈ ਵਿੱਚ ਇਕ ਜਵਾਨ ਵੀ ਸ਼ਹੀਦ ਹੋ ਗਿਆ। ਦੋਵਾਂ ਥਾਵਾਂ ‘ਤੇ ਅਪਰੇਸ਼ਨ ਜਾਰੀ ਹਨ। ਇਸੇ ਦੌਰਾਨ ਪਾਕਿਸਤਾਨੀ ਫੌਜੀਆਂ ਨੇ ਕੌਮਾਂਤਰੀ ਸਰਹੱਦ ‘ਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ। ਥਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਕੰਟਰੋਲ ਰੇਖਾ ‘ਤੇ ਉੜੀ ਤੇ ਨੌਗਾਮ ਸੈਕਟਰਾਂ ਵਿੱਚ ਘੁਸਪੈਠ ਦੀਆਂ ਕੋਸ਼ਿਸਾਂ ਕੀਤੀਆਂ ਪਰ ਸੁਰੱਖਿਆ ਜਵਾਨਾਂ ਨੇ ਦੋਵਾਂ ਨੂੰ ਅਸਫ਼ਲ ਕਰ ਦਿੱਤਾ। ਬੁਲਾਰੇ ਨੇ ਹਾਲੇ ਤੱਕ ਨਹੀਂ ਦੱਸਿਆ ਕਿ ਚੱਲੇ ਅਪਰੇਸ਼ਨਾਂ ਦੌਰਾਨ ਮਾਰੇ ਗਏ ਘੁਸਪੈਠੀਆਂ ਦੀ ਗਿਣਤੀ ਕਿੰਨੀ ਹੈ ਪਰ ਉਸ ਨੇ ਇਹੀ ਕਿਹਾ ਕਿ ਨੌਗਾਮ ਸੈਕਟਰ ਵਿੱਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਦੂਜੇ ਪਾਸੇ ਨਵੀਂ ਦਿੱਲੀ ਸਥਿਤ ਫੌਜ ਦੇ ਸੂਤਰਾਂ ਨੇ ਉੜੀ ਸੈਕਟਰ ਵਿੱਚ ਮਾਰੇ ਗਏ ਘੁਸਪੈਠੀਆਂ ਦੀ ਗਿਣਤੀ 10 ਦੱਸੀ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਉੜੀ ਵਿੱਚ ਫ਼ੌਜੀ ਕੈਂਪ ‘ਤੇ ਹੋਏ ਦਹਿਸ਼ਤੀ ਹਮਲੇ ਦੀ ਜਾਂਚ ਲਈ ਕੇਸ ਦਰਜ ਕਰ ਲਿਆ ਹੈ।
ਰਾਜਨਾਥ ਵੱਲੋਂ ਹਾਲਾਤ ਦਾ ਜਾਇਜ਼ਾ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਨਵੀਂ ਦਿੱਲੀ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਸਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਖ਼ੁਫ਼ੀਆ ਏਜੰਸੀਆਂ ਦੇ ਪ੍ਰਮੁੱਖ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਕਸ਼ਮੀਰ ਦੇ ਹਾਲਾਤ ਤੇ ਕੰਟਰੋਲ ਰੇਖਾ ਦੀ ਸਥਿਤੀ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਵਿਦੇਸ਼ ਸਕੱਤਰ ਦੀ ਮੌਜੂਦਗੀ ਕਾਫ਼ੀ ਅਹਿਮ ਹੈ ਤੇ ਇਸ ਤੋਂ ਲੱਗਦਾ ਹੈ ਕਿ ਸਰਕਾਰ ਪਾਕਿਸਤਾਨ ਖ਼ਿਲਾਫ਼ ਵਿਆਪਕ ਕੂਟਨੀਤਿਕ ‘ਜੰਗ’ ਛੇੜਨ ਦੀ ਤਿਆਰੀ ਵਿੱਚ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਖ਼ਿਲਾਫ਼ ਕਾਰਵਾਈ ਹਾਲਾਤ ਦੀ ਪੂਰੀ ਘੋਖ ਕਰਨ ਬਾਅਦ ਹੀ ਕੀਤੀ ਜਾਵੇਗੀ।
ਅਮਰੀਕਾ ਨੇ ਪਾਕਿਸਤਾਨ ‘ਤੇ ਦਬਾਅ ਵਧਾਇਆ : ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਕਿਹਾ ਹੈ ਕਿ ਉਹ ਆਪਣੇ ਮੁਲਕ ਦੀ ਧਰਤੀ ਨੂੰ ਅੱਤਵਾਦੀਆਂ ਦੀ ਪਨਾਹਗਾਹ ਬਣਨ ਤੋਂ ਰੋਕਣ ਤੇ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਕੈਰੀ ਨੇ 71ਵੀਂ ਸੰਯੁਕਤ ਰਾਸ਼ਟਰ ਆਮ ਸਭਾ ‘ਚ ਹਿੱਸਾ ਲੈਣ ਆਏ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਸ਼ਰੀਫ਼ ਨੇ ਇਸ ਦੌਰਾਨ ਵਾਦੀ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਤੇ ਅਮਰੀਕਾ ਨੂੰ ਕਸ਼ਮੀਰ ਦਾ ਮਸਲਾ ਹੱਲ ਕਰਵਾਉਣ ਦੀ ਅਪੀਲ ਕੀਤੀ।
ਭਾਰਤ ਦੇ ਸਖਤ ਰੁਖ ਨੂੰ ਦੇਖ ਕੇ ਸਹਿਮਿਆ ਪਾਕਿ
ਨਵੀਂ ਦਿੱਲੀ :ਉੜੀ ਹਮਲੇ ਤੋਂ ਬਾਅਦ ਭਾਰਤ ਵਲੋਂ ਅਪਣਾਏ ਗਏ ਸਖਤ ਰੁਖ਼ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਸਹਿਮ ਗਿਆ ਹੈ। ਹਮਲੇ ਤੋਂ ਬਾਅਦ ਭਾਰਤ ਦੀ ਸਰਹੱਦ ਵਿਚ 15 ਅੱਤਵਾਦੀਆਂ ਨੂੰ ਦਾਖਲ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਫੇਲ੍ਹ ਕਰਨ ਵਾਲੀ ਫੌਜ ਦੀ ਸਰਹੱਦ ‘ਤੇ ਵਧੀ ਸਰਗਰਮੀ ਨੇ ਪਾਕਿਸਤਾਨ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਿਚ ਵੀ ਭਾਰਤ ਦੀ ਕੋਲਡ ਵਾਰ ਸਟੈਟਰਜੀ ਨੂੰ ਲੈ ਕੇ ਖਬਰਾਂ ਨਸ਼ਰ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਜਿੱਥੇ ਆਪਣੀ ਫੌਜ ਦੇ ਤਿੰਨਾਂ ਮੁਖੀਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਉਥੇ ਪਾਕਿਸਤਾਨੀ ਸਰਹੱਦ ‘ਤੇ ਜਵਾਨਾਂ ਦੀ ਤੈਨਾਤੀ ਵੱਡੀ ਗਿਣਤੀ ਵਿਚ ਕਰ ਦਿੱਤੀ ਹੈ ਤੇ ਟੈਂਕ ਸਮੇਤ ਭਾਰੀ ਗਿਣਤੀ ਵਿਚ ਅਸਲਾ ਵੀ ਸਰਹੱਦ ਵੱਲ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ‘ਤੇ ਨਜ਼ਰਸਾਨੀ ਕਰਦਿਆਂ ਪਾਕਿਸਤਾਨ ਨੇ ਵੀ ਆਪਣੀ ਜਾਨ ਬਚਾਉਣ ਦੇ ਇਰਾਦੇ ਨਾਲ ਏਅਰਫੋਰਸ ਨੂੰ ਜਵਾਬੀ ਕਾਰਵਾਈ ਲਈ ਜਿੱਥੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਉਥੇ ਪਾਕਿਸਤਾਨ ਨੇ ਆਪਣੇ ਕਈ ਹਾਈਵੇ ਬੰਦ ਕਰ ਦਿੱਤੇ ਹਨ, ਬਲਕਿ ਐਲਓਸੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਹਾਜ਼ਾਂ ਦੀਆਂ ਉਡਾਣਾਂ ਤੱਕ ਰੱਦ ਕਰ ਦਿੱਤੀਆਂ ਹਨ।

Check Also

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ …