ਮਲੋਟ/ਬਿਊਰੋ ਨਿਊਜ਼ : ਕਰੋਨਾਵਾਇਰਸ ਸੰਕਟ ਵਿੱਚ ਸਰਕਾਰੀ ਰਾਸ਼ਨ ਵੰਡ ਨੂੰ ਲੈ ਕੇ ਸਥਾਨਕ ਆਗੂਆਂ ‘ਤੇ ਕਾਣੀ ਵੰਡ ਦੇ ਦੋਸ਼ ਲੱਗੇ ਹਨ। ਵੱਖ ਵੱਖ ਵਾਰਡਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਬਜਾਏ ਆਪਣੇ ਚਹੇਤੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅਜਿਹੀਆਂ ਖਬਰਾਂ ਲਗਭਗ ਹਰ ਵਾਰਡ ਅਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇਸੇ ਸਬੰਧੀ ਵਾਰਡ ਨੰਬਰ 8 ਵਿੱਚ ਇਕੱਤਰ ਹੋਏ ਦਰਜਨਾਂ ਪਰਿਵਾਰਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਅੰਮ੍ਰਿਤਧਾਰੀ ਬਿਰਧ ਔਰਤ ਰਾਸ਼ਨ ਨਾ ਮਿਲਣ ਕਰਕੇ ਪ੍ਰਸ਼ਾਸਨ, ਅਕਾਲੀ ਅਤੇ ਕਾਂਗਰਸੀਆਂ ਨੂੰ ਕੋਸਦੀ ਨਜ਼ਰ ਆ ਰਹੀ ਹੈ। ਵੱਖ ਵੱਖ ਵਾਰਡਾਂ ਦੇ ਲੋੜਵੰਦ ਪਰਿਵਾਰਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸਰਕਾਰੀ ਰਾਸ਼ਨ ਕਾਂਗਰਸੀ ਆਗੂਆਂ ਦੀ ਬਜਾਇ ਸਮਾਜਸੇਵੀ ਜਥੇਬੰਦੀਆਂ ਦੇ ਸਪੁਰਦ ਕੀਤਾ ਜਾਵੇ ਤਾਂ ਕਿ ਉਨ੍ਹਾਂ ਵੱਲੋਂ ਬਿਨਾਂ ਪੱਖਪਾਤ ਰਾਸ਼ਨ ਦੀ ਵੰਡ ਕੀਤੀ ਜਾ ਸਕੇ। ਇਕ ਕਾਂਗਰਸੀ ਆਗੂ ਨੇ ਸੰਪਰਕ ਕਰਨ ‘ਤੇ ਕਿਹਾ ਕਿ ਉਹ ਰਾਸ਼ਨ ਵੰਡਣ ਲਈ ਤਾਂ ਜਾਂਦੇ ਹਨ ਪਰ ਲੋਕ ਰਾਸ਼ਨ ਲੁੱਟਣ ਪੈ ਜਾਂਦੇ ਹਨ। ਵਾਰਡ ਨੰਬਰ 8 ਦੇ ਅਕਾਲੀ ਕੌਂਸਲਰ ਜਗਤਾਰ ਬਰਾੜ ਨੇ ਵਾਇਰਲ ਵੀਡੀਓ ਬਾਰੇ ਕਿਹਾ ਕਿ ਉਨ੍ਹਾਂ ਵਾਰਡ ਦੇ ਲਗਭਗ ਸਾਰੇ ਪਰਿਵਾਰਾਂ ਤੱਕ ਰਾਸ਼ਨ ਦੀ ਪਹੁੰਚ ਕਰਵਾਈ ਹੈ, ਜੇਕਰ ਫਿਰ ਵੀ ਕੋਈ ਪਰਿਵਾਰ ਰਹਿ ਗਏ ਤਾਂ ਉਨ੍ਹਾਂ ਨੂੰ ਵੀ ਜਲਦੀ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …