ਭਾਜਪਾ ਦੀਆਂ ਆਸਾਂ ‘ਤੇ ਫਿਰਿਆ ਪਾਣੀ
ਕੋਲਕਾਤਾ/ਬਿਊਰੋ ਨਿਊਜ਼
ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਆਸਾਂ ‘ਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ। ਭਾਜਪਾ ਨੂੰ ਪੂਰੀ ਆਸ ਸੀ ਕਿ ਪੱਛਮੀ ਬੰਗਾਲ ਵਿਚ ਉਨ੍ਹਾਂ ਦੀ ਸਰਕਾਰ ਬਣੇਗੀ ਅਤੇ ਪਾਰਟੀ ਨੇ ਪੂਰੀ ਤਾਕਤ ਵੀ ਪੱਛਮੀ ਬੰਗਾਲ ‘ਚ ਝੋਕ ਦਿੱਤੀ ਸੀ।
ਪੱਛਮੀ ਬੰਗਾਲ ਦੀਆਂ ਕੁੱਲ 292 ਵਿਧਾਨ ਸਭਾ ਸੀਟਾਂ ਵਿਚੋਂ ਤ੍ਰਿਣਮੂਲ ਕਾਂਗਰਸ ਨੂੰ 214 ਅਤੇ ਭਾਜਪਾ ਨੂੰ 76 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ ਜਦਕਿ ਹੋਰ ਪਾਰਟੀਆਂ ਦੇ ਹਿੱਸੇ ਸਿਰਫ਼ ਦੋ ਸੀਟਾਂ ਹੀ ਆਈਆਂ। ਇਥੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ।
ਕੋਵਿਡ ਮਹਾਮਾਰੀ ਕਾਰਨ ਹੋਏ ਸਾਦੇ ਸਮਾਗਮ ਦੌਰਾਨ ਰਾਜ ਭਵਨ ‘ਚ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਬਾਂਗਲਾ ‘ਚ ਹਲਫ਼ ਲੈਣ ਵਾਲੀ ਮਮਤਾ ਬੈਨਰਜੀ ਸੂਬੇ ਦੀ 21ਵੀਂ ਮੁੱਖ ਮੰਤਰੀ ਹੈ। ਉਂਜ ਮੁੱਖ ਮੰਤਰੀ ਬਣਨ ਵਾਲੀ ਉਹ ਪੱਛਮੀ ਬੰਗਾਲ ਦੀ 8ਵੀਂ ਆਗੂ ਹੈ। ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਇਕੱਲਿਆਂ ਹੀ ਸਹੁੰ ਚੁੱਕੀ ਅਤੇ ਪਾਰਟੀ ਸੂਤਰਾਂ ਮੁਤਾਬਕ ਕੈਬਨਿਟ ਦਾ ਵਿਸਥਾਰ 9 ਮਈ ਨੂੰ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੀ ਜੈਅੰਤੀ ਮੌਕੇ ਕੀਤਾ ਜਾਵੇਗਾ। ਸਹੁੰ ਚੁੱਕ ਸਮਾਗਮ ‘ਚ ਭਾਜਪਾ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਨੇ ਹਿੱਸਾ ਨਹੀਂ ਲਿਆ। ਇਸ ਮੌਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਮਮਤਾ ਦਾ ਭਤੀਜਾ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੇ ਹੋਰ ਆਗੂ ਹਾਜ਼ਰ ਸਨ। ਮਮਤਾ ਨੇ ਸੂਬੇ ‘ਚ ਚੋਣ ਨਤੀਜਿਆਂ ਤੋਂ ਬਾਅਦ ਹੋ ਰਹੀ ਸਿਆਸੀ ਹਿੰਸਾ ਦੇ ਦੋਸ਼ੀਆਂ ਨੂੰ ਨਾ ਬਖ਼ਸ਼ਣ ਦਾ ਅਹਿਦ ਵੀ ਲਿਆ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਹਾਲ ਕਰਨ ‘ਚ ਸਹਾਇਤਾ ਕਰਨ। ਮੁੱਖ ਮੰਤਰੀਦਾ ਅਹੁਦਾ ਤੀਜੀ ਵਾਰ ਸੰਭਾਲਣ ‘ਤੇ ਮਮਤਾ ਬੈਨਰਜੀ ਨੂੰ ਵਧਾਈ ਦਿੰਦਿਆਂ ਰਾਜਪਾਲ ਧਨਖੜ ਨੇ ਆਸ ਜਤਾਈ ਕਿ ਉਹ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਸਰਕਾਰ ਚਲਾਏਗੀ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਖੁਦ ਨੰਦੀਗ੍ਰਾਮ ਤੋਂ ਚੋਣ ਹਾਰ ਗਏ ਸਨ ਅਤੇ ਹੁਣ ਉਨ੍ਹਾਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਪੱਛਮੀ ਬੰਗਾਲ ਦੀ ਕਿਸੇ ਵੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣੀ ਹੋਵੇਗੀ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …