14.1 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਬਿਕਰਮ ਮਜੀਠੀਆ ਵੱਲੋਂ ਪੰਜਾਬ ਦੇ ਇੱਕ ਮੰਤਰੀ 'ਤੇ ਜਿਨਸੀ ਸ਼ੋਸ਼ਣ ਦੇ ਆਰੋਪ

ਬਿਕਰਮ ਮਜੀਠੀਆ ਵੱਲੋਂ ਪੰਜਾਬ ਦੇ ਇੱਕ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਆਰੋਪ

ਸਬੂਤ ਵਾਲੀ ਪੈੱਨ ਡਰਾਈਵ ਮੁੱਖ ਮੰਤਰੀ ਨੂੰ ਸੌਂਪਣ ਦਾ ਐਲਾਨ ; ਮੰਤਰੀ ਨੂੰ ਬਰਖ਼ਾਸਤ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਇੱਕ ਮੰਤਰੀ ‘ਤੇ ਅਨੈਤਿਕ ਵਿਵਹਾਰ ਦੇ ਆਰੋਪ ਲਾਉਣ ਦਾ ਅਮਲ ਜਾਰੀ ਰੱਖਦਿਆਂ ਸਬੂਤ ਜਨਤਕ ਕਰਨ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਕਰਨ ਦੀ ਗੱਲ ਕਹੀ ਹੈ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੇਂ ਮੰਤਰੀ ਦਾ ਨਾਮ ਤਾਂ ਉਨ੍ਹਾਂ ਨਸ਼ਰ ਨਹੀਂ ਕੀਤਾ ਪਰ ਇਹ ਦਾਅਵਾ ਜ਼ਰੂਰ ਕੀਤਾ ਕਿ ਮੰਤਰੀ ਨੇ ਇੱਕ ਮਜਬੂਰ ਤੇ ਲਾਚਾਰ ਮਹਿਲਾ ਨਾਲ ਸਰੀਰਕ ਸਬੰਧ ਬਣਾਏ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਸਬੰਧੀ ਵੀਡੀਓ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮੰਤਰੀ ਨੂੰ ਤੁਰੰਤ ਵਜ਼ਾਰਤ ਵਿੱਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
ਮਜੀਠੀਆ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਤਾਂ ਜੋ ਮੰਤਰੀ ਵਾਲਾ ਸਬੂਤ ਸੌਂਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲਈ ਦੀਵਾਲੀ ਦਾ ਤੋਹਫਾ (ਪੈੱਨ ਡਰਾਈਵ) ਪੈਕ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਹ ਪੈੱਨ ਡਰਾਈਵ ਕਿਸੇ ਜਨਤਕ ਪ੍ਰੋਗਰਾਮ ਵਿੱਚ ਸੌਂਪੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੈੱਨ ਡਰਾਈਵ ਸੌਂਪਣਾ ਚਾਹੁੰਦੇ ਹਨ ਤਾਂ ਜੋ ਇਸ ਮਾਮਲੇ ਵਿਚ ਫੌਰੀ ਕਾਰਵਾਈ ਹੋ ਸਕੇ। ਅਕਾਲੀ ਆਗੂ ਨੇ ਸਪੱਸ਼ਟ ਕੀਤਾ ਕਿ ਜੇ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਹਿਯੋਗੀ ਖਿਲਾਫ ਸਬੂਤ ਲੈਣ ਤੋਂ ਇਨਕਾਰ ਕੀਤਾ ਤਾਂ ਇਸ ਮਾਮਲੇ ‘ਤੇ ਅਗਲੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਇਸ ਮਾਮਲੇ ਨੂੰ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਮਾਮਲੇ ਵਾਂਗ ਰਫ਼ਾ ਦਫਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਮੰਤਰੀ ਪੂਰੀ ਤਰ੍ਹਾਂ ਬੇਨਕਾਬ ਨਹੀਂ ਹੋ ਜਾਂਦਾ ਤੇ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਹੁੰਦੀ।
ਅਕਾਲੀ ਆਗੂ ਨੇ ਕਿਹਾ ਕਿ ਇਸ ਸਰਕਾਰ ਨੂੰ ਹੋਂਦ ‘ਚ ਆਇਆਂ ਮਹਿਜ਼ ਡੇਢ ਵਰ੍ਹਾ ਹੋਇਆ ਹੈ ਤੇ ਇਸ ਥੋੜ੍ਹੇ ਸਮੇਂ ਦੌਰਾਨ ਹੀ ਬਦਲਾਅ ਵਾਲੀ ਸਰਕਾਰ ਦੇ ਮੰਤਰੀ, ਵਿਧਾਇਕ ਭ੍ਰਿਸ਼ਟ ਅਤੇ ਅਨੈਤਿਕ ਗਤੀਵਿਧੀਆਂ ਵਿੱਚ ਲਗਾਤਾਰ ਘਿਰਦੇ ਆ ਰਹੇ ਹਨ।

 

RELATED ARTICLES
POPULAR POSTS