Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਗੰਨਾ ਕਾਸ਼ਤਕਾਰਾਂ ਦੀ ਜਿੱਤ-ਸਰਕਾਰ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕੀਤਾ

ਪੰਜਾਬ ‘ਚ ਗੰਨਾ ਕਾਸ਼ਤਕਾਰਾਂ ਦੀ ਜਿੱਤ-ਸਰਕਾਰ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕੀਤਾ

ਹੁਣ ਤਾਂ ਲੱਡੂ ਬਣਦੇ ਨੇ….ਲਓ ਮੂੰਹ ਮਿੱਠਾ ਕਰੋ
ਮਾੜੇ ਵਿੱਤੀ ਹਾਲਾਤ ਕਾਰਨ ਨਹੀਂ ਵਧਾਏ ਗਏ ਸਨ ਭਾਅ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਵਿਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਨਰਾਜ਼ ਹੋਏ ਕਿਸਾਨਾਂ ਨੇ ਜਲੰਧਰ ‘ਚ ਮੁੱਖ ਮਾਰਗ ‘ਤੇ ਆਵਾਜਾਈ ਰੋਕ ਦਿੱਤੀ ਸੀ।
ਇਸੇ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਿਸਾਨਾਂ ਦੀ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਲੀਡਰਾਂ ਨਾਲ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਚ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ 35 ਰੁਪਏ ਹੋਰ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਇਸ ਫੈਸਲੇ ਨੂੰ ਕਿਸਾਨ ਆਗੂਆਂ ਨੇ ਸਹਿਮਤੀ ਦੇ ਦਿੱਤੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ ਤਸੱਲੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ, ਰਾਜ ਕੁਮਾਰ ਵੇਰਕਾ, ਸੁਖਜਿੰਦਰ ਸਿੰਘ ਰੰਧਾਵਾ, ਅਤੇ ਗੁਰਮੀਤ ਸਿੰਘ ਰਾਣਾ ਸੋਢੀ ਵੀ ਹਾਜ਼ਰ ਰਹੇ। ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਹੋਈ ਸਹਿਮਤੀ ਤੋਂ ਕਿਸਾਨਾਂ ਨੇ ਜਲੰਧਰ ਵਿਚੋਂ ਧਰਨਾ ਚੁੱਕ ਲਿਆ ਅਤੇ ਆਵਾਜਾਈ ਬਹਾਲ ਹੋਈ।
ਇਸੇ ਦੌਰਾਨ ਮੁੱਖ ਮੰਤਰੀ ਨੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਮੈਂਟ ਦੀ ਅਦਾਇਗੀ ਨੂੰ ਲੈ ਕੇ ਜੋ ਮੁਸ਼ਕਲਾਂ ਹਨ, ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇ। ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿਚ ਸੂਬੇ ਦੇ ਵਿੱਤੀ ਸੰਕਟ ਦੇ ਕਾਰਨ ਉਹ ਗੰਨੇ ਦਾ ਭਾਅ ਨਹੀਂ ਵਧਾ ਸਕੇ ਸਨ। ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਹੁਣ ਤੱਕ ਪੰਜਾਬ, ਹਰਿਆਣਾ ਦੀ ਤਰਜ਼ ‘ਤੇ ਗੰਨੇ ਦਾ ਭਾਅ ਵਧਾਉਣ ਵਿਚ ਨਾਕਾਮ ਰਿਹਾ ਹੈ, ਜਿਸ ਨਾਲ ਕਿਸਾਨਾਂ ਦਾ ਵਿੱਤੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਰਹਿਣਗੇ। ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਗੰਨੇ ਦਾ ਭਾਅ ਵਧਾਉਣ ਲਈ ਕਿਸਾਨਾਂ ਦੀ ਮੰਗ ਦੀ ਹਮਾਇਤ ਕੀਤੀ ਸੀ।
ਗੰਨੇ ਦੀ ਪੇਮੈਂਟ ਸਬੰਧੀ ਵੀ ਮੁਸ਼ਕਲ ਹੱਲ ਹੋਣ ਦੀ ਉਮੀਦ : ਰਾਜੇਵਾਲ
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੰਨੇ ਦੇ ਭਾਅ ਅਤੇ ਇਸ ਸਬੰਧੀ ਹੋਰ ਮੰਗਾਂ ਪੰਜਾਬ ਸਰਕਾਰ ਵਲੋਂ ਮੰਨ ਲਏ ਜਾਣ ਤੋਂ ਬਾਅਦ ਸੰਘਰਸ਼ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਗੰਨੇ ਦੀ ਪੇਮੈਂਟ ਸਬੰਧੀ ਸਾਰੀਆਂ ਮੁਸ਼ਕਲਾਂ ਦਾ ਸਮੇਂ ਸਿਰ ਹੀ ਨਿਪਟਾਰਾ ਹੋ ਜਾਵੇਗਾ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚ ਕੁਲਵੰਤ ਸਿੰਘ ਸੰਧੂ, ਹਰਮੀਤ ਸਿੰਘ ਕਾਦੀਆਂ, ਜੰਗਬੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਮੁਕੇਸ਼ ਚੰਦ, ਕੁਲਦੀਪ ਸਿੰਘ, ਬਲਦੇਵ ਸਿੰਘ ਸਿਰਸਾ, ਬਲਦੇਵ ਸਿੰਘ ਦੱਪਰ ਅਤੇ ਬਲਵਿੰਦਰ ਸਿੰਘ ਔਲਖ ਹਾਜ਼ਰ ਰਹੇ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …