Breaking News
Home / ਹਫ਼ਤਾਵਾਰੀ ਫੇਰੀ / ਢੱਡਰੀਆਂ ਵਾਲਿਆਂ ‘ਤੇ ਹਮਲਾ ਸਿਆਸਤਦਾਨਾਂ ਲਈ ਮੌਕਾ!

ਢੱਡਰੀਆਂ ਵਾਲਿਆਂ ‘ਤੇ ਹਮਲਾ ਸਿਆਸਤਦਾਨਾਂ ਲਈ ਮੌਕਾ!

BADAL-VS-DHADHRIWALA-MEET copy copyਬਾਦਲ, ਸੁਖਬੀਰ ਤੋਂ ਲੈ ਕੇ ਚੰਨੀ, ਪ੍ਰਨੀਤ ਕੌਰ, ਸਾਂਪਲਾ ਤੇ ਕੇਜਰੀਵਾਲ ਤੱਕ ਨੇ ਕੀਤੀ ਮੁਲਾਕਾਤ
ਚੰਡੀਗੜ੍ਹ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸਿਆਸੀ ਦਲਾਂ ਦੇ ਪ੍ਰਮੁੱਖ ਆਗੂਆਂ ਨੇ ਪਟਿਆਲੇ ਦਾ ਰੁਖ ਕਰ ਲਿਆ ਹੈ। ਇਕ ਤੋਂ ਬਾਅਦ ਇਕ ਸਭ ਪਾਰਟੀਆਂ ਦੇ ਪਹਿਲੇ ਕਤਾਰ ਦੇ ਲੀਡਰ ਪਟਿਆਲਾ-ਸੰਗਰੂਰ ਹਾਈਵੇ ‘ਤੇ ਸਥਿਤ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਪਹੁੰਚ ਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ ਕਰ ਰਹੇ ਹਨ। 17 ਮਈ ਨੂੰ ਲੁਧਿਆਣਾ ਵਿਚ ਹੋਏ ਕਾਤਲਾਨਾ ਹਮਲੇ ਦੌਰਾਨ ਢੱਡਰੀਆਂ ਵਾਲਿਆਂ ਦੇ ਨਾਲ ਗੱਡੀ ਵਿਚ ਸਵਾਰ ਸੰਤ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਹਮਲੇ ਦੀ ਦੇਸ਼ਾਂ-ਵਿਦੇਸ਼ਾਂ ਤੋਂ ਨਿੰਦਾ ਹੋ ਰਹੀ ਹੈ ਤੇ ਸਿੱਖ ਚਿੰਤਕ ਇਸ ਨੂੰ ਆਪਸੀ ਲੜਾਈ ਅਤੇ ਫੁੱਟ ਵਜੋਂ ਉਭਰਨ ਤੋਂ ਰੋਕਣ ਲਈ ਵੀ ਯਤਨਸ਼ੀਲ ਹਨ ਪਰ ਇਸ ਸਭ ਦੇ ਦਰਮਿਆਨ ਸਿਆਸੀ ਦਲਾਂ ਨੂੰ ਇਹ ਇਕ ਮੌਕਾ ਜਾਪਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਡੇਰਿਆਂ ਤੇ ਬਾਬਿਆਂ ਨਾਲ ਵੱਡੀ ਤਾਦਾਦ ਵਿਚ ਸ਼ਰਧਾਲੂ ਜੁੜੇ ਹੋਏ ਹਨ ਤੇ 2017 ਦੀਆਂ ਚੋਣਾਂ ਨੂੰ ਵੇਖਦਿਆਂ ਸਾਰੇ ਸਿਆਸੀ ਦਲਾਂ ਦੇ ਆਗੂ ਸੰਤ ਢੱਡਰੀਆਂ ਵਾਲਿਆਂ ਨਾਲ ਹਮਲੇ ਦੀ ਨਿੰਦਾ ਕਰਨ ਦੇ ਬਹਾਨੇ ਮਿਲ ਕੇ ਉਨ੍ਹਾਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ। ਇਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਉਹ ਤਾਂ ਇਨਸਾਨੀਅਤ ਦੇ ਨਾਤੇ ਹੀ ਇਸ ਦੁੱਖ ਦੀ ਘੜੀ ‘ਚ ਢੱਡਰੀਆਂ ਵਾਲਿਆਂ ਦੇ ਨਾਲ ਮੁਲਾਕਾਤ ਕਰਨ ਗਏ ਸਨ।
ਪ੍ਰਮੇਸ਼ਵਰ ਦੁਆਰ ‘ਤੇ ਲੀਡਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਚੰਨੀ, ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਪ੍ਰਨੀਤ ਕੌਰ ਤੇ ਹੋਰ ਕਈ ਆਗੂਆਂ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ।
ਹਮਲੇ ਦੀ ਸੀਬੀਆਈ ਜਾਂਚ ਹੋਵੇ : ਢੱਡਰੀਆਂ ਵਾਲੇ
ਪਟਿਆਲਾ : ਸੰਤ ਢੱਡਰੀਆਂ ਵਾਲਿਆਂ ਨੇ ਖੁਦ ‘ਤੇ 17 ਮਈ ਨੂੰ ਹੋਏ ਜਾਨਲੇਵਾ ਹਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ।ઠਵੀਰਵਾਰ ਨੂੰ ਪਿੰਡ ਖਾਸੀ ਕਲਾਂ ਵਿਖੇ ਇਸ ਹਮਲੇ ਵਿਚ ઠਮਾਰੇ ਗਏ ਬਾਬਾ ਭੁਪਿੰਦਰ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜਾਂਚ ‘ਤੇ ਭਰੋਸਾ ਨਹੀਂ ਹੈ ਇਸ ਲਈ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ।
ਸਾਰੇ ਹਮਲਾਵਰ ਛੇਤੀ ਸਲਾਖਾਂ ਪਿੱਛੇ ਹੋਣਗੇ : ਮੁੱਖ ਮੰਤਰੀ ਬਾਦਲ
ਪਟਿਆਲਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਢੱਡਰੀਆਂ ਵਾਲੇ ਨਾਲ ਕਰੀਬ 25 ਮਿੰਟ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਥਿਤ ਤੌਰ ‘ਤੇ ਸ਼ਾਮਲ 8 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਇਸ ਵਾਰਦਾਤ ਲਈ ਜ਼ਿੰਮੇਵਾਰ ਸਾਰੇ ਮੁਲਜ਼ਮਾਂ ਨੂੰ ਛੇਤੀ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕੋਈ ਫਾਇਦਾ ਨਹੀਂ ਹੋਣਾ।  ਬਾਦਲ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਕੋਈ ਮਸਲਾ ਨਹੀਂ ਹੈ। ਮੁੱਖ ਮੰਤਰੀ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮੁੱਦੇ ‘ਤੇ ਉਹ ਸੰਜਮ ਬਣਾਈ ਰੱਖਣ, ਕਿਉਂਕਿ ਇਸ ਮਾਮਲੇ ਸਬੰਧੀ ਦਿੱਤਾ ਕੋਈ ਵੀ ਗ਼ੈਰਜ਼ਿੰਮੇਵਾਰਾਨਾ ਬਿਆਨ ਸੂਬੇ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਸੰਤ ਢੱਡਰੀਆਂ ਵਾਲੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਪ੍ਰਤੀ ਪੰਜਾਬ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਤੇ ਸਰਕਾਰ ਚੌਕਸ ਨਹੀਂ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …