Breaking News
Home / ਹਫ਼ਤਾਵਾਰੀ ਫੇਰੀ / ਸੁਖਬੀਰ ਨੇ ਭਿਜਵਾਈ ਸੀ ਡੇਰਾ ਮੁਖੀ ਨੂੰ ਪੁਸ਼ਾਕ

ਸੁਖਬੀਰ ਨੇ ਭਿਜਵਾਈ ਸੀ ਡੇਰਾ ਮੁਖੀ ਨੂੰ ਪੁਸ਼ਾਕ

Image Courtesy :amritsartimes

ਸੁਖਜਿੰਦਰ ਰੰਧਾਵਾ ਨੇ ਉਕਤ ਦਾਅਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਕੀਤੀ ਬੇਨਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਹੱਤਿਆਕਾਂਡ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ 2007 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਜੋ ਪੁਸ਼ਾਕ ਪਾਈ ਸੀ, ਉਹ ਸੁਖਬੀਰ ਬਾਦਲ ਨੇ ਉਸ ਨੂੰ ਭੇਟ ਕੀਤੀ ਸੀ। ਇਹ ਖੁਲਾਸਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਭਵਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਵਿਚ ਨੋਟਿਸ ਲੈਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ 2007 ਵਿਚ ਗੁਰਮੀਤ ਸਿੰਘ ਰਾਮ ਰਹੀਮ ਨੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ। ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੰਜਾਬ ਵਿਚ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਖਾਸਾ ਵਿਵਾਦ ਵੀ ਹੋਇਆ ਸੀ। ਉਦੋਂ ਤੋਂ ਸਿੱਖ ਸੰਗਠਨਾਂ ਤੇ ਡੇਰਾ ਪ੍ਰੇਮੀਆਂ ਦਰਮਿਆਨ ਵਿਵਾਦ ਚੱਲ ਰਿਹਾ ਹੈ। ਸਤੰਬਰ 2015 ਵਿਚ ਅਕਾਲ ਤਖਤ ਸਾਹਿਬ ਨੇ ਡੇਰਾ ਮੁਖੀ ਨੂੰ ਨਕਲ ਕਰਨ ਦੇ ਮਾਮਲੇ ਵਿਚ ਮੁਆਫੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਮੁੜ ਭੜਕ ਉਠਿਆ ਸੀ ਕਿਉਂਕਿ ਉਸ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਸੀ। ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਦੇ ਦਬਾਅ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਸੀ। ਪਿਛਲੇ ਦਿਨੀਂ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਅਦਾਲਤ ਵਿਚ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਬੇਅਦਬੀ ਕਾਂਡ ਦਾ ਮੁੱਖ ਸਾਜਿਸ਼ਕਰਤਾ ਦੱਸਿਆ ਸੀ। ਉਦੋਂ ਤੋਂ ਇਹ ਮਾਮਲਾ ਭਖਦਾ ਜਾ ਰਿਹਾ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੌਰਾਨ ਡੇਰਾ ਮੁਖੀ ਨੇ ਜਿਹੜੀ ਪੁਸ਼ਾਕ ਪਾਈ ਸੀ, ਉਹ ਸੁਖਬੀਰ ਬਾਦਲ ਨੇ ਭੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਵੋਟਾਂ ਲਈ ਡੇਰੇ ਦੀ ਹਮਾਇਤ ਲੈਂਦੇ ਰਹੇ ਹਨ। ਬਤੌਰ ਡਿਪਟੀ ਸੀਐਮ ਉਨ੍ਹਾਂ ਨੇ ਸਰਕਾਰੀ ਤੰਤਰ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ। ਵੋਟਾਂ ਲਈ ਸੁਖਬੀਰ ਨੇ ਪੰਥ ਨੂੰ ਦਾਅ ‘ਤੇ ਲਾ ਦਿੱਤਾ। ਇਸ ਲਈ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਵਿਚ ਨੋਟਿਸ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪੰਥ ਤੋਂ ਬਰਖਾਸਤ ਕਰਨਾ ਚਾਹੀਦਾ ਹੈ।
ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਮਾਮਲੇ ‘ਚ ਜਵਾਬ ਦੇਣ ਸੁਖਬੀਰ : ਜਥੇਦਾਰ ਰਘਬੀਰ ਸਿੰਘ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਲਈ ਪਾਈ ਗਈ ਪੁਸ਼ਾਕ ਸੁਖਬੀਰ ਬਾਦਲ ਵੱਲੋਂ ਭਿਜਵਾਉਣ ਦੇ ਲੱਗ ਰਹੇ ਦੋਸ਼ਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਵਾਬ ਦੇਣਾ ਚਾਹੀਦਾ ਹੈ।ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਉੱਠੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਜੇ ਕੋਈ ਸਾਫ ਤੌਰ ‘ਤੇ ਦੋਸ਼ੀ ਸਿੱਧ ਹੋਵੇਗਾ ਤਾਂ ਉਸ ਨੂੰ ਤਲਬ ਵੀ ਕੀਤਾ ਜਾਵੇਗਾ ਤੇ ਉਸ ਖ਼ਿਲਾਫ਼ ਕਾਰਵਾਈ ਲਈ ਵਿਚਾਰਾਂ ਵੀ ਹੋਣਗੀਆਂ।
ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਿਆ ਜਾਵੇ : ਜਾਖੜ
ਚੰਡੀਗੜ੍ਹ : ਡੇਰਾ ਸਿਰਸਾ ਵਲੋਂ ਇਹ ਕਹੇ ਜਾਣ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਹੀ ਹੈ, ਕਿਉਂਕਿ 2017 ਵਿਚ ਉਨ੍ਹਾਂ ਨੇ ਅਕਾਲੀ ਦਲ ਦਾ ਸਾਥ ਦਿੱਤਾ ਸੀ, ਇਸ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰੇਸ਼ਾਨੀ ਵਧਣ ਲੱਗੀ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੇਰੇ ਵਲੋਂ ਇਹ ਗੱਲ ਮੰਨਣ ਤੋਂ ਬਾਅਦ ਤਸਵੀਰ ਸਾਫ ਹੋ ਗਈ ਹੈ ਕਿ ਸੁਖਬੀਰ ਬਾਦਲ ਨੇ ਵੋਟਾਂ ਲਈ ਡੇਰਾ ਮੁਖੀ ਨਾਲ ਸਮਝੌਤਾ ਕੀਤਾ ਸੀ। ਜਾਖੜ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਰੇ ਦੀਆਂ ਵੋਟਾਂ ਲਈ ਸੁਖਬੀਰ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਡੇਰੇ ਦੀਆਂ ਵੋਟਾਂ ਲਈ ਡੇਰਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਮਾਮਲੇ ਵਿਚ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਈ ਗਈ। ਫਿਰ ਐਮਐਸਸੀ-2 ਨੂੰ ਰਿਲੀਜ਼ ਕਰਵਾਇਆ ਗਿਆ। ਇਸ ਮਾਮਲੇ ਵਿਚ ਹੁਣ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਇਸ ਲਈ ਹੁਣ ਪੰਥਕ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੋ ਧੁਰਿਆਂ, ਪੰਥ ਤੇ ਕਿਸਾਨੀ ‘ਤੇ ਆਪਣੀ ਸਿਆਸੀ ਜ਼ਮੀਨ ਦੀ ਸਿੰਚਾਈ ਕਰਦਾ ਸੀ। ਪੰਥ ਦੀ ਪਿੱਠ ਵਿਚ ਸੁਖਬੀਰ ਨੇ ਪਹਿਲਾਂ ਹੀ ਛੁਰਾ ਮਾਰ ਦਿੱਤਾ ਹੈ ਤੇ ਹੁਣ ਖੇਤੀ ਆਰਡੀਨੈਂਸ ਦੀ ਹਮਾਇਤ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਕਾਲੀਆਂ ਨੂੰ ਵੋਟਾਂ ਦੇਣ ਦਾ ਬਦਲਾ ਕਾਂਗਰਸ ਡੇਰਾ ਪ੍ਰੇਮੀਆਂ ਤੋਂ ਲੈ ਰਹੀ ਹੈ।
ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਿਆ ਜਾਵੇ : ਢੀਂਡਸਾ
ਚੰਡੀਗੜ੍ਹ : ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕੇ ਜਾਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਬਾਰੇ ਪਾਰਟੀ ਦੇ ਆਗੂਆਂ ਨੂੰ ਪਤਾ ਨਹੀਂ ਸੀ। ਇਹੀ ਕਾਰਨ ਹੈ ਕਿ ਪੰਥਕ ਆਗੂਆਂ ਤੇ ਪੰਥ ਦਰਦੀਆਂ ਦਾ ਦਬਾਅ ਪੈਣ ਤੋਂ ਬਾਅਦ ਮੁਆਫੀ ਦਾ ਫੈਸਲਾ ਵਾਪਸ ਲੈਣਾ ਪਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਜਥੇਦਾਰਾਂ ਨੇ ਖੁਦ ਕਿਹਾ ਸੀ ਕਿ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਰਕਾਰੀ ਰਿਹਾਇਸ਼ ‘ਤੇ ਜਥੇਦਾਰਾਂ ਨੂੰ ਬੁਲਾਇਆ ਗਿਆ ਸੀ ਤੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦੇਣ ਬਾਰੇ ਦਬਾਅ ਬਣਾਇਆ ਸੀ। ਢੀਂਡਸਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਬਾਰੇ ਸੁਖਬੀਰ ਨੇ ਪਾਰਟੀ ਆਗੂਆਂ ਨਾਲ ਕੋਈ ਸਲਾਹ ਨਹੀਂ ਕੀਤੀ ਸੀ।
ਕਾਂਗਰਸ ਨੇ ਡੇਰੇ ਨਾਲ ਮਿਲ ਕੇ ਅਕਾਲੀ ਦਲ ਖਿਲਾਫ ਰਚੀ ਸਾਜਿਸ਼
ਅਕਾਲੀ ਦਲ ਨੇ ਡੇਰੇ ਤੋਂ ਕਦੇ ਵੀ ਮੱਦਦ ਨਹੀਂ ਮੰਗੀ : ਅਕਾਲੀ ਆਗੂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਸਰਕਾਰ ‘ਤੇ ਡੇਰਾ ਸੱਚਾ ਸੌਦਾ ਨਾਲ ਮਿਲ ਕੇ ਅਕਾਲੀ ਦਲ ਖਿਲਾਫ ਸਾਜਿਸ਼ ਰਚਣ ਦਾ ਦੋਸ਼ ਲਾਇਆ ਹੈ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਤੋਂ ਮੱਦਦ ਨਹੀਂ ਮੰਗੀ। ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਕਲੌਤਾ ਮਕਸਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਤੇ ਇਸ ਦੇ ਬਦਲੇ ਡੇਰੇ ਨੂੰ ਕਲੀਨ ਚਿੱਟ ਦੇਣਾ ਹੈ। ਭੂੰਦੜ ਨੇ ਕਿਹਾ ਕਿ ਕਾਂਗਰਸੀ ਸਰਕਾਰ ਡੇਰੇ ਨਾਲ ਹੋਏ ਸਮਝੌਤੇ ਤਹਿਤ ਬੇਅਦਬੀ ਮਾਮਲੇ ‘ਚ ਡੇਰੇ ਖਿਲਾਫ ਕੇਸ ਕਮਜ਼ੋਰ ਕਰੇਗੀ। ਸਰਕਾਰ ਨੇ ਪਹਿਲਾਂ ਡੇਰਾ ਸੱਚਾ ਸੌਦਾ ਨੂੰ ਡਰਾਇਆ ਤੇ ਹੁਣ ਉਸ ਨਾਲ ਰਲ ਕੇ ਉਸ ਨੂੰ ਅਕਾਲੀ ਦਲ ਦੇ ਖਿਲਾਫ ਸਿਆਸੀ ਮਨਸੂਬਿਆਂ ਲਈ ਵਰਤਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਮੁੱਖ ਮੁਲਜ਼ਮ ਦਾ ਨਿਆਇਕ ਹਿਰਾਸਤ ਵਿਚ ਕਤਲ ਹੋ ਗਿਆ ਕਿਉਂਕਿ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਸੀ ਕਿ ਸੱਚਾਈ ਬਾਹਰ ਆਵੇ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਵਿਚ ਮੁੱਖ ਗਵਾਹ ਦੇ ਪਰਿਵਾਰ ਨੇ ਕਾਂਗਰਸ ਦੇ ਮੰਤਰੀ ਤੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ‘ਤੇ ਉਸਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਨਾਕਾਮੀਆਂ ‘ਤੇ ਪਰਦਾ ਪਾ ਰਹੀ ਹੈ ਤੇ ਘਟੀਆ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਅਰਦਾਸ ਕਰ ਚੁੱਕੇ ਹਨ ਕਿ ਜਿਸ ਨੇ ਵੀ ਬੇਅਦਬੀ ਕੀਤੀ ਤੇ ਕਰਵਾਈ ਉਸਦਾ ਕੱਖ ਨਾ ਰਹੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕੁਝ ਉਮੀਦਵਾਰਾਂ ਨੇ ਆਪਣੀ ਨਿੱਜੀ ਹੈਸੀਅਤ ਵਿਚ ਡੇਰੇ ਦੀ ਮੱਦਦ ਲਈ ਸੀ। ਇਹ ਆਗੂ ਫਿਰ ਆਪ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਤੇ ਇਸ ਗਲਤੀ ਲਈ ਆਪਣੀਆਂ ਭੁੱਲਾਂ ਬਖਸ਼ਾਈਆਂ ਸਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ਦੇ ਐਮਪੀ ਪਰਨੀਤ ਕੌਰ, ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ, ਕੇਵਲ ਸਿੰਘ ਢਿੱਲੋਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੋਏ, ਜੋ ਕਿ ਡੇਰਾ ਸੱਚਾ ਸੌਦਾ ਦੇ ਹੈਡਕੁਆਰਟਰ ਗਏ ਸਨ। ਉਨ੍ਹਾਂ ਕਿਹਾ ਕਿ ਡੇਰੇ ਦੇ ਮੁਖੀ ਦੀ ਪੁੱਤਰੀ ਦਾ ਸਹੁਰਾ ਕਾਂਗਰਸ ਪਾਰਟੀ ਦਾ ਮੀਤ ਪ੍ਰਧਾਨ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …