ਸੱਤਾਧਾਰੀ ਲਿਬਰਲ ਪਾਰਟੀ ਦਾ ਸੰਕਟ ਗਹਿਰਾਇਆ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਮਹੀਨੇ ਤੱਕ ਆਪਣੀ ਕੈਬਨਿਟ ਦੀਆਂ ਮੰਤਰੀ ਰਹੀਆਂ ਜੂਡੀ ਵਿਲਸਨ ਰੇਬੋਲਡ ਤੇ ਜੇਨ ਫਿਲਪੋਟ ਨੂੰ ਪਾਰਟੀ ਦੇ ਸੰਸਦੀ ਦਲ (ਕਾਕਸ) ਵਿਚੋਂ ਕੱਢਣ ਦਾ ਐਲਾਨ ਕੀਤਾ ਹੈ।
ਰਾਜਧਾਨੀ ਓਟਾਵਾ ਵਿਖੇ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਡੀ ਪਾਰਟੀ ਦੀ ਟੀਮ ਅਤੇ ਦੋਵਾਂ ਸਾਬਕਾ ਮੰਤਰੀਆਂ ਵਿਚਕਾਰ ਵਿਸ਼ਵਾਸ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਆਖਿਆ ਕਿ ਦੋਵੇਂ ਮੰਤਰੀ (ਜੇਨ ਫਿਲਪੋਟ ਤੇ ਜੂਡੀ ਵਿਲਸਨ) ਪਿਛਲੇ ਦਿਨਾਂ ਤੋਂ ਸਰਕਾਰ ਅਤੇ ਉਨ੍ਹਾਂ (ਟਰੂਡੋ) ਦੀ ਲਗਾਤਾਰ ਆਲੋਚਨਾ ਕਰ ਰਹੀਆਂ ਹਨ ਜਿਸ ਕਰਕੇ ਉਹ ਲਿਬਰਲ ਟੀਮ ਦੀਆਂ ਮੈਂਬਰ ਨਹੀਂ ਰਹਿ ਸਕਦੀਆਂ। ਉਨ੍ਹਾਂ ਦੱਸਿਆ ਕਿ ਦੋਵਾਂ ਸਾਬਕਾ ਮੰਤਰੀਆਂ ਨੂੰ ਮੈਂ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ਦੀ ਇੰਜੀਨੀਅਰਿੰਗ ਕੰਪਨੀ ਐਸ.ਐਨ.ਸੀ. ਲਾਵਾਲਿਨ ਨੂੰ ਅਪਰਾਧਿਕ ਮਾਮਲੇ ਵਿਚ ਟਰੂਡੋ ਵਲੋਂ (ਅਣਉਚਿਤ) ਰਾਹਤ ਦੇਣ ਦੇ ਮੁੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦੌਰਾਨ ਬੇਵਿਸ਼ਵਾਸੀ ਪ੍ਰਗਟ ਕਰਦਿਆਂ ਉਪਰੋਕਤ ਦੋਵਾਂ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ ਪਰ ਉਹ ਅਜੇ ਸੰਸਦ ਮੈਂਬਰ ਹਨ ਅਤੇ ਲਿਬਰਲ ਪਾਰਟੀ ਨਾਲ਼ ਜੁੜੇ ਰਹਿਣਾ ਚਾਹੁੰਦੀਆਂ ਸਨ। ਇਹ ਵੀ ਕਿ ਉਨ੍ਹਾਂ ਨੇ 21 ਅਕਤੂਬਰ ਨੂੰ ਹੋਣ ਵਾਲ਼ੀਆਂ ਪਾਰਲੀਮਾਨੀ ਚੋਣਾਂ ਵਿਚ ਲਿਬਰਲ ਪਾਰਟੀ ਦੀ ਉਮੀਦਵਾਰੀ ਦੀ ਇੱਛਾ ਵੀ ਪ੍ਰਗਟਾਈ। ਟਰੂਡੋ ਨੇ ਕਿਹਾ ਕਿ ਲਿਬਰਲ ਪਾਰਟੀ ਅੰਦਰ ਫੁੱਟ ਹੋਵੇ ਤਾਂ ਰਾਜਨੀਤਕ ਵਿਰੋਧੀ ਜੇਤੂ ਰੌਂਅ ਵਿਚ ਆ ਜਾਂਦੇ ਹਨ ਜਦਕਿ ਅਜਿਹੀ ਗ਼ਲਤੀ ਸਾਨੂੰ ਪੁੱਗ ਨਹੀਂ ਸਕਦੀ ਕਿਉਂਕਿ ਕੈਨੇਡਾ ਦੇ ਲੋਕਾਂ ਨੇ ਸਾਡੇ ‘ਤੇ ਭਰੋਸਾ ਕੀਤਾ ਹੈ। ਇਸੇ ਦੌਰਾਨ ਲਿਬਰਲ ਪਾਰਟੀ ਅੰਦਰ ਗਹਿਰਾਏ ਸੰਕਟ ਦੀ ਚਰਚਾ ਦੇਸ਼ ਭਰ ਵਿਚ ਚੱਲ ਰਹੀ ਹੈ ਅਤੇ ਸਰਵੇਖਣਾਂ ਵਿਚ ਪਾਰਟੀ ਨੂੰ ਕੰਸਰਵੇਟਿਵ ਪਾਰਟੀ ਤੋਂ ਪਛੜਦੀ ਦੱਸਿਆ ਜਾ ਰਿਹਾ ਹੈ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …