Breaking News
Home / ਹਫ਼ਤਾਵਾਰੀ ਫੇਰੀ / ਹਥਿਆਰਬੰਦਾਂ ਨੇ ਲਾਈਟ ਬੰਦ ਕਰਕੇ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਤੋੜੀ

ਹਥਿਆਰਬੰਦਾਂ ਨੇ ਲਾਈਟ ਬੰਦ ਕਰਕੇ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਤੋੜੀ

9 ਤੋਂ 11 ਵਜੇ ਤੱਕ ਚੱਲੀ ਤੋੜ-ਭੰਨ, ਐਸਜੀਪੀਸੀ ਨੇ ਮੈਨੇਜਰ ਕੀਤਾ ਸਸਪੈਂਡ, ਜਾਂਚ ਕਮੇਟੀ ਗਠਿਤ
ਤਰਨ ਤਾਰਨ : ਕੁਝ ਹਥਿਆਰਬੰਦ ਵਿਅਕਤੀਆਂ ਨੇ ਸ਼ਨੀਵਾਰ ਰਾਤ 9 ਵਜੇ ਤੋਂ 11 ਵਜੇ ਤੱਕ ਤਰਨ ਤਾਰਨ ਦੇ ਦਰਬਾਰ ਸਾਹਿਬ ‘ਚ ਬਣੀ 200 ਸਾਲ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਦੇ ਗੁੰਬਦ ਤੋੜ ਦਿੱਤੇ। ਇਸ ਦੀ ਭਿਣਕ ਲੱਗਣ ‘ਤੇ ਮੌਕੇ ‘ਤੇ ਪਹੁੰਚੇ ਸਿੱਖ ਸੰਗਠਨਾਂ ਅਤੇ ਸਿੱਖ ਸੰਗਤਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਰੋਕਿਆ ਤਾਂ ਦੋਵਾਂ ਧਿਰਾਂ ‘ਚ ਬਹਿਸ ਹੋਈ। ਉਥੇ ਹੀ ਐਸਜੀਪੀਸੀ ਦੇ ਅਨੁਸਾਰ ਡਿਉਢੀ ਤੋੜਨ ਵਾਲੇ ਵਿਅਕਤੀ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਸਨ। ਗੁਰਦੁਆਰਾ ਸਾਹਿਬ ਦੇ ਸਥਾਨਕ ਮੈਨੇਜਰ ਪ੍ਰਤਾਪ ਸਿੰਘ ਨੇ ਇਸ ‘ਚ ਮਦਦ ਕੀਤੀ ਕਿਉਂਕਿ ਘਟਨਾ ਦੇ ਸਮੇਂ ਗੁਰਦੁਆਰਾ ਸਾਹਿਬ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਲਈ ਐਸਜੀਪੀਸੀ ਨੇ ਮੈਨੇਜਰ ਨੂੰ ਬਿਨਾ ਆਗਿਆ, ਆਪਣੀ ਮਰਜ਼ੀ ਨਾਲ ਅਜਿਹੀ ਕਾਰਵਾਈ ਕਰਨ ਦੇ ਦੋਸ਼ ‘ਚ ਸਸਪੈਂਡ ਕਰਕੇ ਜੀਂਦ ਭੇਜ ਦਿੱਤਾ ਹੈ ਜਦਕਿ ਬਾਬਾ ਜਗਤਾਰ ਸਿੰਘ ਤੋਂ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਵਾਪਸ ਲੈ ਲਈ ਹੈ। ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਂਚ ਦੇ ਲਈ 3 ਮੈਂਬਰੀ ਕਮੇਟੀ ਬਣਾਈ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ 75 ਸਾਲ ਪੁਰਾਣੀ ਚੀਜ਼ਾਂ ਨੂੰ ਕਾਨੂੰਨ ਇਤਿਹਾਸਕ ਕਰਾਰ ਦਿੰਦਾ ਹੈ, ਜਦਕਿ ਇਹ ਤਾਂ 200 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ।
ਇਤਿਹਾਸ : ਸ਼ੇਰ-ਏ-ਪੰਜਾਬ ਦੇ ਪੋਤੇ ਦੇ ਸਮੇਂ ਬਣੀ ਸੀ ਡਿਉਢੀ
ਦਰਸ਼ਨੀ ਡਿਉਢੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਸਮੇਂ ਦੀ ਬਣੀ ਹੋਈ ਹੈ, ਜਿਸ ਨੂੰ ਬਣੀ ਨੂੰ 200 ਸਾਲ ਤੋਂ ਉਪਰ ਸਮਾਂ ਹੋ ਗਿਆ ਹੈ। ਡਿਉਢੀ ਦੀ ਖਸਤਾ ਹਾਲਤ ਦੇ ਚਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਨੇ ਇਸ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਸੀ।
”ਬਾਬਾ ਜਗਤਾਰ ਸਿੰਘ ਬਿਨਾ ਕਿਸੇ ਨੂੰ ਸੂਚਨਾ ਦਿੱਤੇ ਡਿਉਢੀ ਨੂੰ ਢਾਹੁਣ ਲਈ ਪਹੁੰਚ ਗਏ”
-ਡਾ. ਰੂਪ ਸਿੰਘ
ਘਟਨਾ ‘ਚ ਸ਼ਾਮਲ ਲੋਕਾਂ ‘ਤੇ ਕੇਸ ਦਰਜ ਕਰਨ ਦੀ ਮੰਗ
ਡਿਉਢੀ ਤੋੜਨ ਦੇ ਮਾਮਲੇ ‘ਚ ਸਿੱਖ ਸੰਗਠਨਾਂ ਨੇ ਇਸ ਘਟਨਾ ‘ਚ ਸ਼ਾਮਿਲ ਲੋਕਾਂ ਅਤੇ ਮਿਲੀਭੁਗਤ ਕਰਨ ਵਾਲੇ ਐਸਜੀਪੀਸੀ ਦੇ ਅਧਿਕਾਰੀਆਂ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ।
ਬਾਬਾ ਜਗਤਾਰ ਸਿੰਘ ਤੋਂ ਕਾਰ ਸੇਵਾ ਵਾਪਸ ਲਈ : ਭਾਈ ਗੋਬਿੰਦ ਸਿੰਘ ਲੌਂਗੋਵਾਲ
ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ‘ਚ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਿਲਆਂ ਦੀ ਸਾਰੀ ਸੇਵਾ ਵਾਪਸ ਲੈ ਲਈ ਗਈ ਹੈ। ਦਰਬਾਰ ਸਾਹਿਬ ਦੇ ਕਿਸੇ ਵੀ ਕੰਮ ‘ਚ ਕਾਰ ਸੇਵਾ ਵਾਲੇ ਦਖਲ ਨਹੀਂ ਦੇਣਗੇ। ਕਾਰ ਸੇਵਾ ਵਾਲਿਆਂ ਦਾ ਗੁਰਦੁਆਰਾ ਸਾਹਿਬ ਨਾਲ ਜੋ ਵੀ ਸਬੰਧ ਹੈ, ਜਾਂਚ ਤੋਂ ਬਾਅਦ ਸਭ ਖਤਮ ਕਰ ਦਿੱਤਾ ਜਾਵੇਗਾ।
ਡੇਰਾ ਬਾਬਾ ਜਗਤਾਰ ਸਿੰਘ ਨੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ
ਤਰਨਤਾਰਨ : ਤਰਨਤਾਰਨ ਦੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਢਾਹ ਦੇਣ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਕਾਰ ਸੇਵਾ ਸੰਪਰਦਾ ਵਲੋਂ ਬਾਬਾ ਮਹਿੰਦਰ ਸਿੰਘ ਨੇ ਇਸ ਸਭ ਕੁਝ ਲਈ ਸਿੱਖ ਸੰਗਤ ਕੋਲੋਂ ਬਿਨਾ ਸ਼ਰਤ ਮੁਆਫ਼ੀ ਮੰਗ ਲਈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …