ਕਿਹਾ : ਕੇਜਰੀਵਾਲ ਤੇ ਸਿਸੋਦੀਆ ਦੇਸ਼ ਅਤੇ ਵਿਦੇਸ਼ ’ਚ ਵੇਚ ਰਹੇ ਹਨ ਝੂਠ
ਨਵੀਂ ਦਿੱਲੀ/ਬਿਊਰੋ ਨਿਊਜ : ਦਿੱਲੀ ਦੇ ਸਿੱਖਿਆ ਸੁਧਾਰਾਂ ਨੂੰ ਲੈ ਕੇ ਨਿਊਯਾਰਕ ਟਾਈਮਜ਼ ਅਖਬਾਰ ਵੱਲੋਂ ਇਕ ਰਿਪੋਰਟ ਛਾਪੀ ਗਈ ਹੈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰੰਤੂ ਇਨ੍ਹਾਂ ਖ਼ਬਰਾਂ ਨੂੰ ਲੈ ਕੇ ਭਾਜਪਾ ਆਗੂ ਕਪਿਲ ਮਿਸ਼ਰਾ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਅਤੇ ਇਨ੍ਹਾਂ ਖ਼ਬਰਾਂ ਨੂੰ ਉਨ੍ਹਾਂ ਪੇਡ ਦੱਸਿਆ ਹੈ। ਕਪਿਲ ਮਿਸ਼ਰਾ ਵੱਲੋਂ ਇਹ ਦਾਅਵਾ ਇਕ ਟਵੀਟ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਟਾਈਮਜ਼ ਅਤੇ ਖਲੀਲ ਟਾਈਮਜ਼ ਵਿਚ ਇਕੋ ਜਿਹੀਆਂ ਖਬਰਾਂ ਤੇ ਤਸਵੀਰਾਂ ਦਾ ਛਪਣਾ ਇਹ ਸਾਬਤ ਕਰਦਾ ਹੈ ਕਿ ਇਹ ਪੇਡ ਨਿਊਜ਼ ਹੈ। ਕਪਿਲ ਮਿਸ਼ਰਾ ਨੇ ਨਿਊਯਾਰਕ ਟਾਈਮਜ਼ ਦੀ ਖਬਰ ’ਚ ਲੱਗੀਆਂ ਫੋਟੋਆਂ ’ਤੇ ਵੀ ਟਿੱਪਣੀ ਕੀਤੀ ਹੈ। ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਛਪੀਆਂ ਫੋਟੋਆਂ ਦਿੱਲੀ ਦੇ ਸਰਕਾਰੀ ਸਕੂਲ ਦੀਆਂ ਨਹੀਂ ਬਲਕਿ ਮਯੂਰ ਵਿਹਾਰ ਦੇ ਮਦਰ ਮੈਰੀ ਸਕੂਲ ਦੇ ਬੱਚਿਆਂ ਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇਸ਼ ਅਤੇ ਵਿਦੇਸ਼ ਵਿਚ ਝੂਠ ਵੇਚ ਰਹੇ ਹਨ। ਉਧਰ ਰਾਘਵ ਚੱਢਾ ਨੇ ਇਸ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੰਨਣ ਵਾਲੀ ਭਾਜਪਾ ਦੀ ਖ਼ਬਰ ਕਦੇ ਇਸ ਅਖਬਾਰ ਵਿਚ ਨਹੀਂ ਛਪੀ। ਜਦਕਿ ਉਹ ਭਾਰਤ ਦੀ ਸਭ ਤੋਂ ਅਮੀਰ ਰਾਜਨੀਤਿਕ ਪਾਰਟੀ ਹੈ। ਜੇਕਰ ਉਨ੍ਹਾਂ ਅਖਬਾਰਾਂ ਨੂੰ ਕੋਈ ਖਰੀਦ ਸਕਦਾ ਤਾਂ ਭਾਜਪਾ ਵਾਲੇ ਤਾਂ ਹਰ ਰੋਜ਼ ਨਿਊਯਾਰਕ ਟਾਈਮਜ਼ ਦੇ ਫਰੰਟ ਪੇਜ਼ ’ਤੇ ਛਪਦੇ।