ਫੌਜ ਨੇ ਸਿੱਖ ਫੌਜੀਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਜਤਾਈ ਚਿੰਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਥਲ ਸੈਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਾਨਦਾਰ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਹੈ। ਜਾਰੀ ਇੱਕ ਬਿਆਨ ਵਿੱਚ ਫੌਜ ਨੇ ਜ਼ੋਰ ਦੇ ਕੇ ਕਿਹਾ ਕਿ ਰੈਜੀਮੈਂਟ ਦੀ ਅਸਲ ਤਾਕਤ ਸੂਬੇ ਦੇ ਨੌਜਵਾਨ ਤੇ ਮਹਿਲਾਵਾਂ ਹਨ, ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਯੋਧਾ ਰਵਾਇਤ ਵਿਰਾਸਤ ਵਿਚ ਮਿਲੀ ਹੈ। ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋ ਕੇ ਉਹ ਆਪਣੇ ਪਰਿਵਾਰਾਂ ਲਈ ਮਾਣ ਦਾ ਸਰੋਤ ਬਣਨਗੇ ਅਤੇ ਹਿੰਮਤ, ਅਨੁਸ਼ਾਸਨ ਅਤੇ ਕੁਰਬਾਨੀ ਦੀ ਵਿਰਾਸਤ ਵਿੱਚ ਯੋਗਦਾਨ ਪਾਉਣਗੇ। ਸੀਨੀਅਰ ਫੌਜੀ ਅਧਿਕਾਰੀਆਂ ਨੇ ਪਿਛਲੇ ਸਮੇਂ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਲੋੜੀਂਦੇ ਸਿੱਖ ਨੌਜਵਾਨ ਰੈਜੀਮੈਂਟ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਬਿਆਨ ਵਿਚ ਕਿਹਾ ਗਿਆ, ”ਰੈਜੀਮੈਂਟ ਦੀ ਅਸਲ ਤਾਕਤ ਪੰਜਾਬ ਦੇ ਨੌਜਵਾਨਾਂ ਵਿਚ ਹੈ, ਜੋ ਪੀੜ੍ਹੀਆਂ ਤੋਂ ਚੱਲੀ ਆ ਰਹੀ ਯੋਧਾ ਰਵਾਇਤ ਨੂੰ ਬੜੇ ਮਾਣ ਨਾਲ ਅੱਗੇ ਵਧਾ ਰਹੇ ਹਨ। ਲੋੜੀਂਦੀ ਨਫ਼ਰੀ ਦੀ ਘਾਟ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਰੈਜੀਮੈਂਟ ਲਗਾਤਾਰ ਬਿਹਤਰੀਨ ਕਾਰਗੁਜ਼ਾਰੀ ਦੇ ਰਹੀ ਹੈ ਤੇ ਭਾਰਤੀ ਥਲ ਸੈਨਾ ਦੀਆਂ ਉੱਚੀਆਂ ਉਮੀਦਾਂ ਦੀ ਕਸਵੱਟੀ ‘ਤੇ ਖਰੀ ਉਤਰ ਰਹੀ ਹੈ।” ਭਾਰਤੀ ਫੌਜ ਨੇ ਸਿੱਖ ਫੌਜੀਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਪੰਜਾਬੀਆਂ ਨੂੰ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

