ਕਈ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਕੈਪਟਨ ਸਰਕਾਰ ਖਿਲਾਫ ਭੁਗਤੇ
ਚੰਡੀਗੜ੍ਹ : ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਇੱਕ ਵੱਡੇ ਧੜੇ ਤੇ ਮੰਤਰੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦਾ ਅਸਰ ਬੁੱਧਵਾਰ ਨੂੰ ਵਜ਼ਾਰਤ ਦੀ ਮੀਟਿੰਗ ‘ਤੇ ਵੀ ਸਪੱਸ਼ਟ ਦਿਖਾਈ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਮੰਤਰੀ ਮੰਡਲ ਦੇ ਏਜੰਡੇ ਵਿੱਚ ਸ਼ਾਮਲ ਜ਼ਿਆਦਾਤਰ ਮੱਦਾਂ ‘ਤੇ ਵਿਚਾਰ ਨਹੀਂ ਕੀਤਾ ਗਿਆ ਤੇ ਦੋ ਕੁ ਮਾਮਲਿਆਂ ‘ਤੇ ਮੋਹਰ ਲਾਉਣ ਮਗਰੋਂ ਮੰਤਰੀ ਮੰਡਲ ਦੀ ਮੀਟਿੰਗ ਖਤਮ ਕਰ ਦਿੱਤੀ ਗਈ। ਮੁੱਖ ਮੰਤਰੀ ਲਈ ਚੁਣੌਤੀ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਨੇ ਕਾਂਗਰਸ ਆਗੂਆਂ ਦੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਸੂਤਰਾਂ ਦਾ ਤਾਂ ਇਹ ਵੀ ਦੱਸਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਦੋ ਮੰਤਰੀਆਂ ਨੇ ਵੀ ਬਾਗੀਆਂ ਦੇ ਨਾਲ ਸੁਰ ਮਿਲਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਮਲਿਕਾਰੁਜਨ ਖੜਗੇ, ਜੇ.ਪੀ. ਅਗਰਵਾਲ ਤੇ ਹਰੀਸ਼ ਰਾਵਤ ‘ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਨੇ ਤਿੰਨ ਦਿਨ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ਵਿੱਚ ਪ੍ਰਦੇਸ਼ ਕਾਂਗਰਸ ਦੇ ਤਿੰਨ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਐੱਚ.ਐੱਸ. ਹੰਸਪਾਲ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਤੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਵੀ ਸ਼ਾਮਲ ਸਨ। ਬਾਜਵਾ ਤੇ ਦੂਲੋ ਤਾਂ ਪਿਛਲੇ ਇੱਕ ਸਾਲ ਦੇ ਵੱਧ ਸਮੇਂ ਤੋਂ ਮੁੱਖ ਮੰਤਰੀ ਖਿਲਾਫ ਬਿਆਨਬਾਜ਼ੀ ਕਰਦੇ ਆ ਰਹੇ ਹਨ। ਜਦਕਿ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੀ ਤਾਰੀਫ ਕੀਤੀ ਜਦੋਂ ਕਿ ਹੰਸਪਾਲ ਦੀ ਸੁਰ ਮੱਠੀ ਰਹੀ। ਉਧਰ ਰਾਹੁਲ ਗਾਂਧੀ ਵੱਲੋਂ ਵੀ ਪੰਜਾਬ ਦੇ ਆਗੂਆਂ ਨਾਲ ਰਾਬਤਾ ਬਣਾ ਕੇ ਜਾਣਕਾਰੀ ਲੈਣ ਦਾ ਸਿਲਸਿਲਾ ਜਾਰੀ ਹੈ। ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਮਗਰੋਂ ਮੁੱਖ ਮੰਤਰੀ ਦੇ ਸਲਹਕਾਰ ਤੇ ਦਫ਼ਤਰ ਦੇ ਅਧਿਕਾਰੀ ਵੀ ਹਰਕਤ ‘ਚ ਆ ਗਏ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਇਹ ਜਾਣਕਾਰੀ ਇਕੱਠੀ ਕਰ ਰਹੇ ਹਨ ਕਿ ਵਿਧਾਇਕਾਂ ਨੇ ਕਿਹੜੇ ਮੁੱਦਿਆਂ ‘ਤੇ ਸਰਕਾਰ ਖਿਲਾਫ ਹਾਈ ਕਮਾਂਡ ਦੀ ਕਮੇਟੀ ਦੇ ਸਾਹਮਣੇ ਤੱਥ ਪੇਸ਼ ਕੀਤੇ ਹਨ।