Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ

ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ

ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਵਧਣ ਕਾਰਨ ਲਿਆ ਫ਼ੈਸਲਾ
ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਣ ਮਗਰੋਂ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ‘ਚ ਵਿਦੇਸ਼ੀਆਂ ‘ਤੇ ਰਿਹਾਇਸ਼ੀ ਜਾਇਦਾਦਾਂ ਖਰੀਦਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਇਸ ਸਬੰਧੀ ਕਾਨੂੰਨ ਪਾਸ ਕੀਤਾ ਹੈ ਕਿਉਂਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਧੀਆਂ ਹਨ। ਕੁਝ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਉਹ ਖਰੀਦਦਾਰ ਜ਼ਿਆਦਾ ਹਨ ਜਿਨ੍ਹਾਂ ਇਹ ਘਰ ਨਿਵੇਸ਼ ਦੇ ਮੰਤਵ ਨਾਲ ਖਰੀਦੇ ਹਨ। ਇਸ ਕਾਰਨ ਘਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੇ ਕਿਹਾ ਸੀ ਕਿ ਕੈਨੇਡਾ ਦੇ ਘਰਾਂ ਦੀ ਖਾਹਿਸ਼ ਮੁਨਾਫਾਖੋਰਾਂ, ਅਮੀਰਾਂ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚ ਰਹੀ ਹੈ। ਪਾਰਟੀ ਅਨੁਸਾਰ, ‘ਵੱਡੀ ਪੱਧਰ ‘ਤੇ ਘਰ ਖਾਲੀ ਪਏ ਹਨ ਤੇ ਮੁਨਾਫੇ ਦੇ ਅਨੁਮਾਨਾਂ ਕਾਰਨ ਘਰਾਂ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ ਹਨ। ਘਰ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ।’ ਮੀਡੀਆ ਰਿਪੋਰਟਾਂ ਅਨੁਸਾਰ ਪਰਵਾਸੀਆਂ ਤੇ ਕੈਨੇਡਾ ਦੇ ਸਥਾਈ ਵਸਨੀਕਾਂ, ਜੋ ਕੈਨੇਡਾ ਦੇ ਨਾਗਰਿਕ ਨਹੀਂ ਹਨ, ਨੂੰ ਇਸ ਕਾਨੂੰਨ ‘ਚ ਛੋਟ ਦਿੱਤੀ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਫਰਵਰੀ ਮਹੀਨੇ ਕੈਨੇਡਾ ‘ਚ ਘਰਾਂ ਦੀ ਔਸਤ ਕੀਮਤ ਅੱਠ ਲੱਖ ਡਾਲਰ ਸੀ ਜੋ ਬਾਅਦ ‘ਚ 13 ਫੀਸਦ ਦੇ ਕਰੀਬ ਘੱਟ ਗਈ।
ਉਨ੍ਹਾਂ ਦੱਸਿਆ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਕਾਰਨ ਕੈਨੇਡੀਅਨ ਬੈਂਕ ਵੀ ਹੈ ਕਿਉਂਕਿ ਉਸ ਵੱਲੋਂ ਵਿਆਜ਼ ਦਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ਰਤ ਕੈਨੇਡਾ ਦੇ ਨਾਗਰਿਕਾਂ ਅਤੇ ਉਥੇ ਰਹਿਣ ਵਾਲੇ ਪਰਮਾਨੈਂਟ ਰੈਜੀਡੈਂਟਾਂ ‘ਤੇ ਲਾਗੂ ਨਹੀਂ ਹੋਵੇਗੀ।
2021 ਵਿਚ ਚੋਣਾਂ ਦੌਰਾਨ ਰੱਖਿਆ ਸੀ ਮਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2021 ਵਿਚ ਚੋਣ ਅਭਿਆਨ ਦੌਰਾਨ ਹੀ ਲੋਕਾਂ ਦੀ ਸੁਵਿਧਾ ਲਈ ਪ੍ਰਾਪਰਟੀ ਨੂੰ ਲੈ ਕੇ ਇਹ ਮਤਾ ਰੱਖਿਆ ਸੀ। ਕੈਨੇਡਾ ਵਿਚ ਵਧਦੀਆਂ ਕੀਮਤਾਂ ਕਰਕੇ ਕਈ ਲੋਕ ਘਰ ਨਹੀਂ ਖਰੀਦ ਸਕਦੇ। ਸਥਾਨਕ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਕੈਨੇਡਾ ਵਿਚ ਘਰ ਖਰੀਦਣ ਵਾਲਿਆਂ ਦੀ ਗਿਣਤੀ ਪਿਛਲੇ ਸਮੇਂ ਦੌਰਾਨ ਜ਼ਿਆਦਾ ਵਧੀ ਹੈ। ਕਈ ਲੋਕ ਕੈਨੇਡਾ ਵਿਚ ਪ੍ਰੌਫਿਟ ਪ੍ਰਾਪਰਟੀ ਖਰੀਦਣ ਅਤੇ ਵੇਚਣ ਵਿਚ ਲੱਗੇ ਹੋਏ ਹਨ। ਸਰਕਾਰ ਨੇ ਸਾਫ ਕੀਤਾ ਹੈ ਕਿ ਘਰ ਲੋਕਾਂ ਲਈ ਹਨ, ਨਿਵੇਸ਼ਕਾਂ ਲਈ ਨਹੀਂ। ਸਰਕਾਰ ਨੇ ਗੈਰ-ਕੈਨੇਡੀਆਈ ਅਧਿਨਿਯਮ ਦੇ ਤਹਿਤ ਰੈਜੀਡੈਨਸ਼ੀਅਲ ਪ੍ਰਾਪਰਟੀ ਨੂੰ ਖਰੀਦਣ ‘ਤੇ ਬੈਨ ਲਾਗੂ ਕੀਤਾ ਹੈ।

 

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …