Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਪੁਲਿਸ ‘ਚ ਭਰਤੀ ਹੋਈ ਪੰਜਾਬਣ ਮੁਟਿਆਰ ਚਰਨਜੀਤ ਕੌਰ

ਕੈਨੇਡਾ ਪੁਲਿਸ ‘ਚ ਭਰਤੀ ਹੋਈ ਪੰਜਾਬਣ ਮੁਟਿਆਰ ਚਰਨਜੀਤ ਕੌਰ

ਚੰਡੀਗੜ੍ਹ/ਬਿਊਰੋ ਨਿਊਜ਼ : ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਇੱਕ ਪੰਜਾਬਣ ਨੇ ਪੁਲਿਸ ‘ਚ ਭਰਤੀ ਹੋ ਕੇ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ। ਜ਼ੀਰਕਪੁਰ ਦੇ ਧਰਮਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਘਰ ਜਨਮੀ ਚਰਨਜੀਤ ਕੌਰ ਨੇ ਇਸ ਸਫਲਤਾ ਨਾਲ ਪੰਜਾਬ ਦਾ ਨਾਮ ਚਮਕਾਇਆ ਹੈ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਬੀਏ ਕਰਨ ਮਗਰੋਂ ਆਇਲਜ਼ ਕਰ ਕੇ ਸਾਲ 2019 ਵਿੱਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਈ ਸੀ।
ਇਹ ਮੁਟਿਆਰ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਸੈਸਕਾਟੂਨ ਵਿਚ ਰਹਿ ਰਹੀ ਹੈ। ਪਿਛਲੇ ਸਾਲ 16 ਫਰਵਰੀ ਨੂੰ ਚਰਨਜੀਤ ਕੌਰ ਦਾ ਵਿਆਹ ਨਥਾਣਾ ਦੇ ਪ੍ਰਦੀਪ ਕੁਮਾਰ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨਾਲ ਹੋ ਗਿਆ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਹ ਆਪਣੇ ਪਤੀ ਸਮੇਤ ਮੁੜ ਕੈਨੇਡਾ ਪਰਤ ਗਈ। ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਚਰਨਜੀਤ ਕੌਰ ਇਸੇ ਮਹੀਨੇ ਕੈਨੇਡਾ ਪੁਲਿਸ ‘ਚ ਭਰਤੀ ਹੋ ਗਈ ਅਤੇ ਉਹ 16 ਅਗਸਤ ਤੋਂ ਆਪਣੀ ਡਿਊਟੀ ‘ਤੇ ਹਾਜ਼ਰ ਹੈ। ਪੁਲਿਸ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ‘ਤੇ ਚਰਨਜੀਤ ਕੌਰ ਲਿਖਿਆ ਦੇਖ ਕੇ ਉਹ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਕੈਨੇਡਾ ਪੁਲਿਸ ਵਿੱਚ ਉਸ ਦਾ ਰੈਂਕ ਕੁਰੈਕਸ਼ਨਲ ਪੀਸ ਆਫਿਸਰ (ਇੰਸਪੈਕਟਰ ਰੈਂਕ) ਦੱਸਿਆ ਗਿਆ ਹੈ। ਚਰਨਜੀਤ ਕੌਰ ਦੀ ਸਫਲਤਾ ਤੋਂ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸਤਬੀਰ ਕੌਰ ਕੈਨੇਡਾ ‘ਚ ਸਹਾਇਕ ਜੇਲ੍ਹ ਸੁਪਰਡੈਂਟ ਬਣੀ
ਬਰਨਾਲਾ : ਧਨੌਲਾ ਨੇੜਲੇ ਪਿੰਡ ਅਤਰ ਸਿੰਘ ਵਾਲਾ ਦੇ ਵਸਨੀਕ ਹਰਬੰਸ ਸਿੰਘ (ਭਲਵਾਨ) ਤੇ ਹਰਦੀਪ ਕੌਰ ਦੀ ਹੋਣਹਾਰ ਧੀ ਸਤਬੀਰ ਕੌਰ ਕੈਨੇਡਾ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਬਣ ਗਈ ਹੈ। ਇਸ ਨਿਯੁਕਤੀ ‘ਤੇ ਸਤਬੀਰ ਦੇ ਘਰ ਉਸ ਦੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਡਾ. ਪਰਮਿੰਦਰ ਸਿੰਘ, ਸਰਪੰਚ ਗੁਰਧਿਆਨ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ ‘ਤੇ ਸਮੂਹ ਪਿੰਡ ਵਾਸੀਆਂ ਨੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਸਤਬੀਰ ਕੌਰ ਦੇ ਪਿਤਾ ਜੇਲ੍ਹ ਬਰਡਨ ਹੁੰਦੇ ਸਨ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …