5.4 C
Toronto
Thursday, November 20, 2025
spot_img
Homeਹਫ਼ਤਾਵਾਰੀ ਫੇਰੀਬਰੈਂਪਟਨ 'ਚ ਭੰਗ ਦੀਆਂ 40 ਦੁਕਾਨਾਂ ਖੋਲ੍ਹਣ ਦੀ ਤਿਆਰੀ

ਬਰੈਂਪਟਨ ‘ਚ ਭੰਗ ਦੀਆਂ 40 ਦੁਕਾਨਾਂ ਖੋਲ੍ਹਣ ਦੀ ਤਿਆਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਬਰੈਂਪਟਨ ਦਾ ਜ਼ਿਕਰ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਹੁੰਦਾ ਰਹਿੰਦਾ ਹੈ ਤੇ ਲੰਘੇ ਸਾਲਾਂ ਤੋਂ ਇਹ ਸ਼ਹਿਰ ਭੰਗ ਦੇ ਵਪਾਰ ਕਰਕੇ ਲਗਾਤਾਰ ਚਰਚਾ ‘ਚ ਹੈ ਕਿਉਂਕਿ ਉੱਥੇ ਭੰਗ ਵੇਚਣ ਦੀਆਂ ਦੁਕਾਨਾਂ ਖੋਲ੍ਹਣ ਦੀ ਕੋਈ ਸੀਮਾ ਨਜ਼ਰ ਨਹੀਂ ਆ ਰਹੀ। ਹੁਣ ਤੱਕ ਉਨਟਾਰੀਓ ਸਰਕਾਰ ਵਲੋਂ ਸ਼ਹਿਰ ‘ਚ 17 ਦੁਕਾਨਾਂ ਖੋਲ੍ਹਣ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ 22 ਹੋਰ ਲਾਇਸੈਂਸ ਦਿੱਤੇ ਜਾਣ ਦੀ ਕਾਰਵਾਈ ਚੱਲ ਰਹੀ ਹੈ। ਕੁੱਲ ਮਿਲਾ ਕੇ ਲੰਘੇ ਦਸ ਕੁ ਹਫ਼ਤਿਆਂ ‘ਚ ਭੰਗ ਦੀਆਂ ਦੁਕਾਨਾਂ ਵਾਸਤੇ ਅਰਜ਼ੀਆਂ ਦੀ ਗਿਣਤੀ ਦੁੱਗਣੀ ਹੋ ਕੇ 40 ਦੇ ਕਰੀਬ ਹੋ ਚੁੱਕੀ ਹੈ।
ਸ਼ਹਿਰ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਦੱਸਿਆ ਕਿ ਹਾਲ ਦੀ ਘੜੀ ਭੰਗ ਦੀਆਂ ਦੁਕਾਨਾਂ ਦੀ ਇਹ ਗਿਣਤੀ ਘਟਾਉਣ ਜਾਂ ਵਧਣ ਤੋਂ ਰੋਕਣ ਲਈ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿਟੀ ਕੌਂਸਲ ‘ਚ ਮਤਾ ਪੇਸ਼ ਕੀਤਾ ਗਿਆ ਸੀ ਪਰ ਉਹ ਮਤਾ ਪਾਸ ਨਾ ਹੋ ਸਕਿਆ। ਮੇਅਰ ਬਰਾਊਨ ਨੇ ਦੱਸਿਆ ਕਿ ਅਗਲੇ 6 ਕੁ ਮਹੀਨਿਆਂ ਦੌਰਾਨ ਇਕ ਹੋਰ ਮਤਾ ਲਿਆਂਦਾ ਜਾਵੇਗਾ ਤੇ ਜੇਕਰ ਸਿਟੀ ਕੌਂਸਲਰਾਂ ਨੇ ਬਹੁਮਤ ਨਾਲ ਪਾਸ ਕਰ ਦਿੱਤਾ ਤਾਂ ਸੂਬਾ ਸਰਕਾਰ ਨੂੰ ਸ਼ਹਿਰ ‘ਚ ਭੰਗ ਦੀ ਵਿੱਕਰੀ ਸੀਮਤ ਕੀਤੇ ਜਾਣ ਲਈ ਪਹੁੰਚ ਕੀਤੀ ਜਾ ਸਕੇਗੀ।
ਇਸ ਬਾਰੇ ਵਾਰਡ 1 ਤੇ 5 ਦੇ ਕੌਂਸਲਰ ਪਾਲ ਵਿਸੇਂਟ ਨੇ ਕਿਹਾ ਕਿ ਜਦੋਂ ਸ਼ਹਿਰ ‘ਚ ਭੰਗ ਦੀ ਮੰਗ ਨਹੀਂ ਹੋਵੇਗੀ ਤਾਂ ਇਹ ਦੁਕਾਨਾਂ ਆਪਣੇ ਆਪ ਬੰਦ ਹੋਣੀਆਂ ਸ਼ੁਰੂ ਹੋ ਜਾਣਗੀਆਂ। ਵਾਰਡ 7 ਤੇ 8 ਤੋਂ ਕੌਂਸਲਰ ਪੈਟ ਫੋਰਟੀਨੀ ਨੇ ਆਖਿਆ ਕਿ ਕੈਨੇਡਾ ਦੀ ਸਰਕਾਰ ਨੇ ਦੇਸ਼ ‘ਚ ਭੰਗ ਦੀ ਵਿੱਕਰੀ ਨੂੰ ਮਾਨਤਾ ਦੇ ਕੇ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਘੱਟ ਕਰਨ ਲਈ ਸ਼ਹਿਰ ਵਾਸੀਆਂ ਨੂੰ ਆਪਣੇ ਵਿਧਾਇਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਹੁ-ਗਿਣਤੀ ਸਿਟੀ ਕੌਂਸਲਰ ਤਾਂ ਸ਼ਹਿਰ ‘ਚ ਭੰਗ ਦੀ ਵਿੱਕਰੀ ਖੁੱਲ੍ਹੀ ਰੱਖਣ ਦੇ ਹੱਕ ‘ਚ ਹਨ ਤਾਂ ਲੋਕਾਂ ਕੋਲ ਇਸ ਬਾਰੇ ਵਿਧਾਇਕਾਂ ਤੱਕ ਪਹੁੰਚ ਕਰਨ ਦਾ ਕੀ ਆਧਾਰ ਹੈ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ (ਵਾਰਡ 9 ਤੇ 10) ਨੇ ਦੱਸਿਆ ਕਿ ਉਹ ਸ਼ਹਿਰ ‘ਚ ਭੰਗ ਦੇ ਕਾਰੋਬਾਰ ਦਾ ਵਿਰੋਧ ਕਰਦੇ ਹਨ। ਕੌਂਸਲਰ ਢਿੱਲੋਂ ਤੇ ਕੌਂਸਲਰ ਹਰਕੀਰਤ ਸਿੰਘ ਆਪਣੇ ਵਾਰਡਾਂ ‘ਚ ਭੰਗ ਦੀ ਦੁਕਾਨ ਨਾ ਖੁੱਲ੍ਹਣ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਜਾਰੀ ਰੱਖ ਰਹੇ ਹਨ, ਜਦਕਿ ਉਨ੍ਹਾਂ ਦੇ ਵਾਰਡ 9 ‘ਚ ਇਕ ਨਵੀਂ ਦੁਕਾਨ ਖੋਲ੍ਹਣ ਦਾ ਲਾਇਸੈਂਸ ਬੀਤੇ ਦਿਨੀਂ ਮਨਜ਼ੂਰ ਹੋ ਚੁੱਕਾ ਹੈ।

 

RELATED ARTICLES
POPULAR POSTS