-2 C
Toronto
Thursday, February 12, 2026
spot_img
Homeਹਫ਼ਤਾਵਾਰੀ ਫੇਰੀਨਿਊਜ਼ੀਲੈਂਡ 'ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 48.9 ਫ਼ੀਸਦ ਵਧਿਆ

ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 48.9 ਫ਼ੀਸਦ ਵਧਿਆ

ਸਾਲ 2030 ਤੱਕ ਗਿਣਤੀ ਦੁੱਗਣੀ ਹੋਣ ਦੀ ਉਮੀਦ; ਯੂਨੀਵਰਸਿਟੀ ਲਿਵਿੰਗ ਦੀ ਰਿਪੋਰਟ ‘ਚ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 2021 ਤੋਂ ਲੈ ਕੇ 48.9 ਫੀਸਦ ਵਾਧਾ ਹੋਇਆ ਹੈ ਅਤੇ ਸਾਲ 2030 ਤੱਕ ਇਹ ਲਗਪਗ ਦੁੱਗਣਾ ਹੋਣ ਦੀ ਉਮੀਦ ਹੈ। ਇਹ ਖੁਲਾਸਾ ਆਲਮੀ ਵਿਦਿਆਰਥੀ ਹਾਊਸਿੰਗ ਪਲੈਟਫਾਰਮ ‘ਯੂਨੀਵਰਸਿਟੀ ਲਿਵਿੰਗ’ ਦੀ ਰਿਪੋਰਟ ‘ਚ ਹੋਇਆ। ‘ਬਿਓਂਡ ਬੈੱਡਸ ਐਂਡ ਬੈਂਚਿਜ਼-ਡੀਕੋਡਿੰਗ ਏਐੱਨਜ਼ੈੱਡ ਐਜੂਕੇਸ਼ਨ ਸਿਸਟਮ’ ਰਿਪੋਰਟ ਕੌਮਾਂਤਰੀ ਵਿਦਿਆਰਥੀਆਂ ਖਾਸਕਰ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਪੜ੍ਹਾਈ ਵਾਲੇ ਸਥਾਨਾਂ ਵਜੋਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਪ੍ਰਤੀ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ। ਰਿਪੋਰਟ ਮੁਤਾਬਕ ਓਸ਼ਨੀਆ ਖੇਤਰ ‘ਚ ਵਿਦਿਆਰਥੀਆਂ ਦੇ ਪਰਵਾਸ ‘ਚ ਲਗਾਤਾਰ ਵਾਧਾ ਦੇਖਿਆ ਗਿਆ, ਜੋ 2015 ਦੇ 21 ਲੱਖ ਤੋਂ ਵਧ ਕੇ 2024 ‘ਚ 23 ਲੱਖ ਹੋ ਗਿਆ। ਆਸਟਰੇਲੀਆ ‘ਚ ਵੀ ਭਾਰਤੀ ਵਿਦਿਆਰਥੀਆਂ ਦਾ ਦਾਖਲਾ 2021 ਤੋਂ 2024 ਦੌਰਾਨ 9.2 ਫ਼ੀਸਦ ਵਧਿਆ ਹੈ।
ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਤੇ ਸੀਈਓ ਸੌਰਭ ਅਰੋੜਾ ਨੇ ਦਾਖਲਿਆਂ ‘ਚ ਵਾਧੇ ਦਾ ਸਿਹਰਾ ਨੀਤੀਗਤ ਸੁਧਾਰਾਂ ਨੂੰ ਦਿੱਤਾ ਜੋ ਵਿਦੇਸ਼ ‘ਚ ਪੜ੍ਹਾਈ ਲਈ ਯਾਤਰਾ ਸੁਖਾਲਾ ਬਣਾਉਂਦੇ ਤੇ ਪੜ੍ਹਾਈ ਮਗਰੋਂ ਕਰੀਅਰ ਦੀਆਂ ਸੰਭਾਵਾਨਾਵਾਂ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ 2030 ਦੌਰਾਨ ਭਾਰਤ ਤੋਂ ਨਿਊਜ਼ੀਲੈਂਡ ‘ਚ ਵਿਦਿਆਰਥੀਆਂ ਦਾ ਦਾਖਲਾ 93.9 ਫੀਸਦ ਵਧਣ ਦੀ ਉਮੀਦ ਹੈ, ਜਿਨ੍ਹਾਂ ਦੀ ਗਿਣਤੀ 22,225 ਤੋਂ 42,594 ਹੋ ਜਾਵੇਗੀ। ਸੌਰਭ ਮੁਤਾਬਕ, ”2025 ਤੱਕ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 1,01,552 ਤੋਂ ਟੱਪਣ ਤੇ ਨਿਊਜ਼ੀਲੈਂਡ ਵਿੱਚ ਇਹ ਗਿਣਤੀ 22,225 ਹੋਣ ਦੀ ਉਮੀਦ ਹੈ।
ਇਸ ਸੈਕਟਰ ਦਾ ਆਰਥਿਕਤਾ ‘ਤੇ ਢੁੱਕਵਾਂ ਪ੍ਰਭਾਵ ਵੀ ਹੈ, ਜਿਸ ਨੇ 2023-2024 ਦੌਰਾਨ ਨਿਊਜ਼ੀਲੈਂਡ ਦੇ ਅਰਥਚਾਰੇ ‘ਚ ਲਗਪਗ 4.4 ਅਰਬ ਨਿਊਜ਼ੀਲੈਂਡ ਡਾਲਰ ਤੇ ਆਸਟਰੇਲੀਆ ਦੇ ਅਰਥਚਾਰੇ ‘ਚ 47.8 ਅਰਬ ਆਸਟਰੇਲਿਆਈ ਡਾਲਰ ਦਾ ਯੋਗਦਾਨ ਦਿੱਤਾ।
ਭਾਰਤੀ ਵਿਦਿਆਰਥੀਆਂ ਲਈ ਆਸਟਰੇਲੀਆ ਹਾਲੇ ਵੀ ਪਹਿਲੀ ਪਸੰਦ
ਆਸਟਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉਦਯੋਗ-ਏਕੀਕ੍ਰਿਤ ਸਿੱਖਿਆ ਤੇ ਪੜ੍ਹਾਈ ਮਗਰੋਂ ਕੰਮ ਦੇ ਵਿਆਪਕ ਅਧਿਕਾਰਾਂ ਨਾਲ ਭਾਰਤੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਸਥਿਤੀ ਮਜ਼ਬੂਤ ਕਰ ਰਿਹਾ ਹੈ। ਆਸਟਰੇਡ ‘ਚ ਦੱਖਣ ਏਸ਼ੀਆ ਲਈ ਵਪਾਰ ਤੇ ਨਿਵੇਸ਼ ਕਮਿਸ਼ਨਰ ਵਿਕ ਸਿੰਘ ਨੇ ਕਿਹਾ ਕਿ ਆਸਟੇਰਲੀਆ ਆਲਮੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਨਿਰਵਿਘਨ ਸਿੱਖਿਆ ਤੋਂ ਰੁਜ਼ਗਾਰ ਮੁਹੱਈਆ ਕਰਵਾਉਣ ਤੱਕ ਵਚਨਬੱਧ ਹੈ। ਹਾਲਾਂਕਿ ਅਮਰੀਕਾ, ਬਰਤਾਨੀਆ ਤੇ ਕੈਨੇਡਾ ਦਾ ਸਿੱਖਿਆ ਸਥਾਨਾਂ ਵਜੋਂ ਦਬਦਬਾ ਕਾਇਮ ਹੈ ਪਰ ਆਸਟਰੇਲੀਆ ਤੇ ਨਿਊਜ਼ੀਲੈਂਡ ਤੇਜ਼ੀ ਨਾਲ ਹਰਮਨਪਿਆਰੇ ਹੋ ਰਹੇ ਹਨ, ਜਿਨ੍ਹਾਂ ਲਈ ਭਾਰਤ, ਚੀਨ, ਨੇਪਾਲ, ਵੀਅਤਨਾਮ ਤੇ ਇੰਡੋਨੇਸ਼ੀਆ ਮੁੱਖ ਸਰੋਤ ਦੇਸ਼ਾਂ ਵਜੋਂ ਉੱਭਰ ਰਹੇ ਹਨ।

 

RELATED ARTICLES
POPULAR POSTS