0.8 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਚਾਲ : ਕੇਂਦਰ ਨੇ ਪੰਜਾਬ 'ਤੇ ਕਬਜ਼ਾ ਕਰਨ ਲਈ ਬੀਐਸਐਫ ਦੀ ਤਾਕਤ...

ਚਾਲ : ਕੇਂਦਰ ਨੇ ਪੰਜਾਬ ‘ਤੇ ਕਬਜ਼ਾ ਕਰਨ ਲਈ ਬੀਐਸਐਫ ਦੀ ਤਾਕਤ ਵਧਾਈ!

ਪੰਜਾਬ ‘ਚ ਬਾਰਡਰ ਤੋਂ 50 ਕਿਲੋਮੀਟਰ ਅੰਦਰ ਤੱਕ ਬਿਨਾ ਪੁੱਛੇ ਕਾਰਵਾਈ ਕਰ ਸਕੇਗੀ ਬੀਐਸਐਫ
ਕੇਂਦਰ ਦਾ ਫੈਸਲਾ ਤਰਕਹੀਣ : ਚੰਨੀ
ਮੁੱਖ ਮੰਤਰੀ ਤੁਰੰਤ ਐਕਸ਼ਨ ਲੈਣ : ਸੁਖਬੀਰ
ਚੰਨੀ ਨੇ ਸੂਬੇ ਦਾ ਅੱਧਾ ਹਿੱਸਾ ਕੇਂਦਰ ਨੂੰ ਦਿੱਤਾ : ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕੌਮਾਂਤਰੀ ਸਰਹੱਦਾਂ ਦੀ ਸੁਰੱਖਿਆ ਲਈ ਤਾਇਨਾਤ ਬਾਰਡਰ ਸੁਰੱਖਿਆ ਫੋਰਸ (ਬੀਐੱਸਐੱਫ) ਦਾ ਅਧਿਕਾਰ ਖੇਤਰ ਵਧਾਉਂਦਿਆਂ ਨੀਮ ਫੌਜੀ ਬਲ ਨੂੰ ਵਧੇਰੇ ਤਾਕਤਵਰ ਬਣਾ ਦਿੱਤਾ ਹੈ। ਮੰਤਰਾਲੇ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਬੀਐੱਸਐੱਫ ਨੂੰ ਪਹਿਲਾਂ ਸਰਹੱਦ ਤੋਂ ਕੇਵਲ 15 ਕਿਲੋਮੀਟਰ ਅੰਦਰ ਤਕ ਹੀ ਕਾਰਵਾਈ ਕਰਨ ਦਾ ਅਧਿਕਾਰ ਸੀ, ਜਦੋਂ ਕਿ ਹੁਣ ਨੀਮ ਫੌਜੀ ਬਲ ਦਾ ਅਧਿਕਾਰ ਖ਼ੇਤਰ ਜਾਂ ਕਾਰਵਾਈ ਖ਼ੇਤਰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਹੁਣ ਬੀਐੱਸਐੱਫ ਕੋਲ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਪੁਲਿਸ ਵਾਂਗ ਹੀ ਨਿਗਰਾਨੀ, ਤਲਾਸ਼ੀ, ਛਾਪੇਮਾਰੀ, ਬਰਾਮਦ ਸਮੱਗਰੀ ਜ਼ਬਤ ਕਰਨ ਅਤੇ ਗ੍ਰਿਫ਼ਤਾਰੀਆਂ ਕਰਨ ਦੇ ਹੱਕ ਹੋਣਗੇ। ਕੇਂਦਰੀ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹੁਕਮਾਂ ਵਿੱਚ ਬੀਐੱਸਐੱਫ ਨੂੰ ਸੀਆਰਪੀਸੀ, ਪਾਸਪੋਰਟ ਐਕਟ ਅਤੇ ਪਾਸਪੋਰਟ (ਐਂਟਰੀ ਟੂ ਇੰਡੀਆ) ਐਕਟ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਹੱਦੀ ਸੂਬਿਆਂ ਪੰਜਾਬ, ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ ਵਿੱਚ ਇਹ ਹੱਦ 15 ਕਿਲੋਮੀਟਰ ਤੱਕ ਸੀ। ਇਨ੍ਹਾਂ ਰਾਜਾਂ ਤੋਂ ਇਲਾਵਾ ਬੀਐੱਸਐੱਫ ਨੂੰ ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮਨੀਪੁਰ ਤੇ ਲੱਦਾਖ ਵਿੱਚ ਵੀ ਤਲਾਸ਼ੀ ਲੈਣ ਤੇ ਗ੍ਰਿਫ਼ਤਾਰੀ ਦੀ ਖੁੱਲ੍ਹ ਹੋਵੇਗੀ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ਵਿੱਚ ਬੀਐੱਸਐੱਫ ਦੇ ਅਧਿਕਾਰ ਖੇਤਰ ਨੂੰ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ ਜਦੋਂਕਿ ਰਾਜਸਥਾਨ ਵਿੱਚ ਇਹ ਘੇਰਾ ਪਹਿਲਾਂ ਵਾਂਗ 50 ਕਿਲੋਮੀਟਰ ਦਾ ਹੀ ਰਹੇਗਾ। ਬਾਰਡਰ ਸੁਰੱਖਿਆ ਫੋਰਸ ਐਕਟ 1968 ਦੀ ਧਾਰਾ 139 ਕੇਂਦਰ ਸਰਕਾਰ ਨੂੰ ਸਮੇਂ ਸਮੇਂ ‘ਤੇ ਬੀਐੱਸਐੱਫ ਦੇ ਅਧੀਨ ਆਉਣ ਵਾਲੇ ਖੇਤਰ ਬਾਰੇ ਨੋਟੀਫਾਈ ਕਰਨ ਦਾ ਅਧਿਕਾਰ ਦਿੰਦੀ ਹੈ। ਪੰਜਾਬ ਨੂੰ ਸਿੱਧੇ ਤੌਰ ‘ਤੇ ਅਸਰਅੰਦਾਜ਼ ਕਰਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ਮਗਰੋਂ ਉਂਜ ਵੀ ਵਾਦ-ਵਿਵਾਦ ਪੈਦਾ ਹੋਣਾ ਕੁਦਰਤੀ ਹੈ ਕਿਉਂਕਿ 90ਵਿਆਂ ਦੇ ਅੱਧ ਤੋਂ ਬਾਅਦ ਸੂਬੇ ਵਿੱਚ ਸ਼ਾਂਤਮਈ ਮਹੌਲ ਮੰਨਿਆ ਜਾਂਦਾ ਹੈ। ਪੰਜਾਬ ਦੇ ਜਿਹੜੇ 6 ਜ਼ਿਲ੍ਹਿਆਂ ‘ਚ ਬੀਐਸਐਫ ਦਾ ਦਾਇਰਾ ਵਧਿਆ ਹੈ, ਉਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹੈ।
ਅਮਰਿੰਦਰ ਵੱਲੋਂ ਫ਼ੈਸਲੇ ਦੀ ਹਮਾਇਤ
ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਜਿੱਥੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਉਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਐੱਸਐੱਫ ਨੂੰ ਵਾਧੂ ਤਾਕਤਾਂ ਦੇਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ। ਅਮਰਿੰਦਰ ਨੇ ਇਕ ਟਵੀਟ ਵਿੱਚ ਕਿਹਾ, ”ਬੀਐੱਸਐੱਫ ਦੀ ਮੌਜੂਦਗੀ ਦਾ ਘੇਰਾ ਮੋਕਲਾ ਹੋਣ ਤੇ ਤਾਕਤਾਂ ਵਧਣ ਨਾਲ ਅਸੀਂ ਹੋਰ ਮਜ਼ਬੂਤ ਹੋਵਾਂਗੇ। ਕੇਂਦਰੀ ਹਥਿਆਰਬੰਦ ਬਲਾਂ ਨੂੰ ਸਿਆਸਤ ਵਿੱਚ ਘੜੀਸਣ ਦੀ ਕੋਈ ਲੋੜ ਨਹੀਂ ਹੈ।” ਕੈਪਟਨ ਨੇ ਕਿਹਾ ਕਿ ਕਸ਼ਮੀਰ ‘ਚ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਪਾਕਿ ਤੋਂ ਅੱਤਵਾਦੀ ਪੰਜਾਬ ‘ਚ ਨਸ਼ਾ ਭੇਜ ਰਹੇ ਹਨ। ਅਜਿਹੇ ਵਿਚ ਬੀਐਸਐਫ ਦੀ ਮੌਜੂਦਗੀ ਅਤੇ ਤਾਕਤ ਵਧਣ ਨਾਲ ਅਸੀਂ ਮਜ਼ਬੂਤ ਹੋਵਾਂਗੇ।
ਫੈਸਲਾ ਸੰਘੀ ਢਾਂਚੇ ‘ਤੇ ਹਮਲਾ : ਚੰਨੀ
ਬੀਐਸਐਫ ਦਾ ਦਾਇਰਾ ਵਧਾਉਣਾ ਸੰਘੀ ਢਾਂਚੇ ‘ਤੇ ਹਮਲਾ ਹੈ। ਸਰਹੱਦ ਨਾਲ ਲੱਗਦੇ 50 ਕਿਲੋਮੀਟਰ ਇਲਾਕੇ ‘ਚ ਬੀਐਸਐਫ ਨੂੰ ਵਾਧੂ ਅਧਿਕਾਰ ਦੇਣਾ ਤਰਕਹੀਣ ਫੈਸਲਾ ਹੈ। ਜੋ ਸੰਘੀ ਵਿਵਸਥਾ ‘ਤੇ ਸਿੱਧਾ ਹਮਲਾ ਹੈ।
ਦੋਵਾਂ ਸਰਕਾਰਾਂ ਦੀ ਮਿਲੀਭੁਗਤ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਬਿਨਾ ਦੱਸੇ ਇਹ ਸੰਭਵ ਨਹੀਂ ਹੈ ਕਿ ਕੇਂਦਰ ਏਨਾ ਵੱਡਾ ਫੈਸਲਾ ਲੈ ਸਕੇ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਇਸ ਬਾਰੇ ਤੁਰੰਤ ਕਾਰਵਾਈ ਕਰਨ।
ਚੰਨੀ ਨੇ ਸੂਬੇ ਦਾ ਅੱਧਾ ਹਿੱਸਾਕੇਂਦਰ ਨੂੰ ਦਿੱਤਾ : ਜਾਖੜ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦਾ ਅੱਧਾ ਹਿੱਸਾ ਕੇਂਦਰ ਸਰਕਾਰ ਨੂੰ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸੀਐਮ ਨੂੰ ਕੋਈ ਮੰਗ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ, ਕੀ ਮੰਗ ਰਹੇ ਹਨ। ਜਾਣੇ-ਅਣਜਾਨੇ ਵਿਚ ਪੰਜਾਬ ਦਾ 25 ਹਜ਼ਾਰ ਵਰਗ ਕਿਲੋਮੀਟਰ ਰਕਬਾ ਹਿੱਸਾ ਕੇਂਦਰ ਦੇ ਹਵਾਲੇ ਚਲਾ ਜਾਵੇਗਾ।
ਸਿੱਧੂ ਬਣੇ ਰਹਿਣਗੇ ਕਾਂਗਰਸ ਦੇ ਪ੍ਰਧਾਨ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਕੰਮ ਕਰਨ ਦੇ ਨਿਰਦੇਸ਼ ਮਿਲੇ ਹਨ। ਸਿੱਧੂ ਵੀਰਵਾਰ ਸ਼ਾਮ ਨੂੰ ਦਿੱਲੀ ਵਿਖੇ ਕਾਂਗਰਸ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ। ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਦੇ ਸਾਹਮਣੇ ਪੰਜਾਬ ਅਤੇ ਸੂਬਾ ਕਾਂਗਰਸ ਦੇ ਸਬੰਧ ਵਿਚ ਆਪਣੀ ਗੱਲ ਰੱਖੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ‘ਤੇ ਪੂਰਾ ਭਰੋਸਾ ਹੈ। ਉਹ ਜੋ ਵੀ ਫੈਸਲਾ ਲੈਣਗੇ, ਕਾਂਗਰਸ ਅਤੇ ਪੰਜਾਬ ਦੀ ਬਿਹਤਰੀ ਲਈ ਹੀ ਹੋਵੇਗਾ। ਧਿਆਨ ਰਹੇ ਕਿ ਸਿੱਧੂ ਦੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਗੱਲਬਾਤ ਹੋਈ ਹੈ। ਹਾਈਕਮਾਂਡ ਨੇ ਸਿੱਧੂ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ।

RELATED ARTICLES
POPULAR POSTS