Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਵਾਸੀਆਂ ਦੇ 15000 ਮਾਪਿਆਂ ਨੂੰ ਮਿਲੇਗਾ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਕੈਨੇਡਾ ਵਾਸੀਆਂ ਦੇ 15000 ਮਾਪਿਆਂ ਨੂੰ ਮਿਲੇਗਾ ਪੱਕੀ ਇਮੀਗ੍ਰੇਸ਼ਨ ਦਾ ਮੌਕਾ

2020 ਦੇ ਪੂਲ ‘ਚੋਂ ਦਿੱਤਾ ਜਾ ਰਿਹਾ ਹੈ ਮੌਕਾ
ਟੋਰਾਂਟੋ/ ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ 2022 ‘ਚ ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਾਸੀਆਂ ਦੇ ਮਾਪਿਆਂ ਅਤੇ ਦਾਦਕਿਆਂ/ਨਾਨਕਿਆਂ ਦੀਆਂ ਪੱਕੀ ਇਮੀਗ੍ਰੇਸ਼ਨ (ਪੀ.ਆਰ) ਵਾਸਤੇ 15000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਦੋ ਹਫਿਤਆਂ ਦੌਰਾਨ 23,100 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਸੱਦਾ (ਈਮੇਲ ਰਾਹੀਂ) ਭੇਜਿਆ ਜਾਵੇਗਾ ਤਾਂਕਿ 15000 ਦੇ ਕਰੀਬ ਅਰਜ਼ੀਆਂ ਦਾ ਕੋਟਾ ਪੂਰਾ ਕਰਨਾ ਯਕੀਨੀ ਬਣਾਇਆ ਜਾ ਸਕੇ।
2020 ‘ਚ ਜਿਨ੍ਹਾਂ ਕੈਨੇਡਾ ਵਾਸੀਆਂ ਨੇ ਆਪਣੇ ਮਾਪੇ/ਦਾਦਕੇ/ਨਾਨਕੇ ਸਪਾਂਸਰ ਕਰਨ ਲਈ ਇਮੀਗ੍ਰੇਸ਼ਨ ਦੇ ਰੈਂਡਮ ਸਲੈਕਸ਼ਨ ਸਿਸਟਮ (ਲਾਟਰੀ) ‘ਚ ਆਪਣਾ ਨਾਂਅ ਦਾਖਲ ਕੀਤਾ ਸੀ, ਬੀਤੇ ਸਾਲ ਦੀ ਤਰ੍ਹਾਂ, ਇਸ ਸਾਲ ਵੀ ਉਸੇ ਪੂਲ ‘ਚੋਂ ਹੀ 23,100 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਣਾ ਹੈ। ਜਿਸਦਾ ਭਾਵ ਹੈ ਕਿ ਨਵੇਂ ਵਿਅਕਤੀਆਂ ਨੂੰ ਅਪਲਾਈ ਕਰਨ ਲਈ ਅਜੇ ਘੱਟੋ-ਘੱਟ ਅਗਲੇ ਸਾਲ ਤੱਕ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਸਾਲ ਪੇਰੈਂਟਸ/ਗਰੈਂਡ ਪੇਰੈਂਟਸ ਕੈਟੇਗਰੀ ‘ਚ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਵਾਸਤੇ ਨਵਾਂ ਸਿਸਟਮ ਅਪਣਾਇਆ ਜਾ ਰਿਹਾ ਹੈ ਅਤੇ ਅਰਜ਼ੀਆਂ ਆਨਲਾਈਨ ਦਾਖਲ ਕੀਤੀਆਂ ਜਾਣੀਆਂ ਹਨ। ਜਿਸ ਕਰਕੇ ਅਰਜ਼ੀਆਂ ਦਾ ਫੈਸਲਾ ਵੀ ਜਲਦੀ (ਆਮ ਤੌਰ ‘ਤੇ 3 ਕੁ ਸਾਲ) ਹੋਣ ਦੀ ਸੰਭਾਵਨਾ ਹੈ।
ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਜਿਨ੍ਹਾਂ ਕੈਨੇਡਾ ਵਾਸੀਆਂ ਨੂੰ ਵਿਦੇਸ਼ਾਂ ਤੋਂ ਆਪਣੇ ਮਾਪੇ/ਦਾਦਕੇ/ਨਾਨਕੇ ਪੱਕੇ ਤੌਰ ‘ਤੇ ਸੱਦਣ ਦਾ ਮੌਕਾ ਨਾ ਮਿਲੇ, ਉਹ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਨ। ਜਿਸ ਨਾਲ ਇਕ ਵਾਰੀ ਕੈਨੇਡਾ ‘ਚ ਜਾ ਕੇ ਪੰਜ ਤੋਂ ਸੱਤ ਸਾਲਾਂ ਤੱਕ ਰਿਹਾ ਜਾ ਸਕਦਾ ਹੈ।
ਕੈਨੇਡਾ ਦੇ ਪੈਨਸ਼ਨ ਸਿਸਟਮ ਅਤੇ ਸਿਹਤ ਸੇਵਾਵਾਂ ਉਪਰ ਆਰਥਿਕ ਬੋਝ ਕਾਰਨ ਦੇਸ਼ ਦੀ ਸਰਕਾਰ ਨੇ ਵਿਦੇਸ਼ਾਂ ਤੋਂ ਬਜ਼ੁਰਗਾਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਤੋਂ (ਬੀਤੇ ਦਹਾਕੇ ਤੋਂ) ਪੈਰ ਪਿਛਾਂਹ ਖਿੱਚੇ ਹੋਏ ਹਨ ਅਤੇ ਨੌਜਵਾਨਾਂ ਨੂੰ ਪੱਕੇ ਹੋਣ ਦੇ ਵੱਧ ਮੌਕੇ ਦਿੱਤੇ ਜਾਂਦੇ ਹਨ।

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …