Breaking News
Home / ਹਫ਼ਤਾਵਾਰੀ ਫੇਰੀ / ਉਨਟਾਰੀਓ ਸੂਬੇ ‘ਚ ਦਸਤਾਰ ਸਜਾ ਕੇ ਸਿੱਖ ਚਲਾ ਸਕਣਗੇ ਮੋਟਰਸਾਈਕਲ

ਉਨਟਾਰੀਓ ਸੂਬੇ ‘ਚ ਦਸਤਾਰ ਸਜਾ ਕੇ ਸਿੱਖ ਚਲਾ ਸਕਣਗੇ ਮੋਟਰਸਾਈਕਲ

ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਉਨਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡਗ ਫੋਰਡ ਨੇ ਬਰੈਂਪਟਨ ਦੇ ਮਿਲੈਨੀਅਮ ਗਾਰਡਨ ਬੈਂਕੁਟ ਸੈਂਟਰ ‘ਚ ਕੀਤੀ ਇਕ ਵਿਸ਼ੇਸ਼ ਰੈਲੀ ਦੌਰਾਨ ਲੰਘੀਆਂ ਪ੍ਰੋਵੈਨਸ਼ੀਨਲ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਕੀਤੇ ਵਾਅਦੇ ਕਿ ਜੇ ਉਹ ਅਗਲੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਦਸਤਾਰ ਸਜਾ ਕੇ ਉਨਟਾਰੀਓ ਦੀਆਂ ਸੜਕਾਂ ‘ਤੇ ਸਿੱਖਾਂ ਨੂੰ ਮੋਟਰ ਸਾਈਕਲ ਚਲਾਉਣ ਦੀ ਇਜ਼ਾਜ਼ਤ ਦੇਣਗੇ, ‘ਤੇ ਮੋਹਰ ਲਾ ਦਿੱਤੀ। ਸਿੱਖ ਮੋਟਰ ਸਾਈਕਲਿਸਟਾਂ ਦੇ ਜੁੜੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡਗ ਫੋਰਡ ਨੇ ਕਿਹਾ ਕਿ ਸਿੱਖਾਂ ਦੀ ਇਸ ਚਿਰਾਂ ਤੋਂ ਲਟਕਦੀ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਉਨਟਾਰੀਓ ਸੂਬੇ ਦੀਆਂ ਸੜਕਾਂ ‘ਤੇ ਸਾਡੇ ਨਾਗਰਿਕਾਂ ਦੀ ਸੇਫਟੀ ਸਾਡੀ ਪਹਿਲੀ ਤਜਰੀਹ ਰਹੇਗੀ। ਇਸ ਦੇ ਨਾਲ-ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਵੀ ਸਾਡਾ ਕੰਮ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਸਿੱਖਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਪਿਛਲੇ ਹਫਤੇ ਪ੍ਰਭਮੀਤ ਸਿੰਘ ਸਰਕਾਰੀਆ ਟੋਰੀ ਐਮ ਪੀ ਪੀ ਵੱਲੋਂ ਸੂਬੇ ਦੀ ਅਸੈਂਬਲੀ ਵਿੱਚ ਇਸੇ ਸਬੰਧੀ ਹਾਈਵੇ ਟਰੈਫਿਕ ਐਕਟ ਵਿੱਚ ਸੋਧ ਕਰਕੇ ਸਿੱਖਾਂ ਨੂੰ ਦਸਤਾਰ ਸਜਾ ਕੇ ਬਿਨਾਂ ਹੈਲਮਟ ਪਹਿਨਿਆਂ ਮੋਟਰ ਸਾਈਕਲ ਚਲਾਉਣ ਲਈ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਨੂੰ 18 ਅਕਤੂਬਰ ਨੂੰ ਉਹਨਾਂ ਦੀ ਬਹੁ ਗਿਣਤੀ ਸਰਕਾਰ ਵੱਲੋਂ ਪਾਸ ਕੀਤਾ ਜਾਵੇਗਾ। ਚੇਤੇ ਰਹੇ ਇਸ ਬਿੱਲ ਦੀ ਪਹਿਲੀ ਰੀਡਿੰਗ ਉਸੇ ਦਿਨ ਹੋਵੇਗੀ ਅਤੇ ਉਸੇ ਦਿਨ ਹੀ ਪਾਸ ਹੋ ਜਾਵੇਗਾ। ਇਸ ਮੌਕੇ ਪ੍ਰਭਮੀਤ ਸਿੰਘ ਸਰਕਾਰੀਆ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਨਟਾਰੀਓ ਸੂਬੇ ‘ਚ ਬਿਨਾਂ ਹੈਲਮਿਟ ਤੋਂ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਦੀ ਇਜ਼ਾਜ਼ਤ ਦੇਣ ਵਾਲਾ ਕੈਨੇਡਾ ਦਾ ਉਨਟਾਰੀਓ ਚੌਥਾ ਸੂਬਾ ਬਣ ਜਾਵੇਗਾ ਜਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਅਜਿਹਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ, ਅਲਬਰਟਾ, ਮੋਨੀਟੋਬਾ ਸੂਬਿਆਂ ਅਤੇ ਇੰਗਲੈਂਡ ਸਮੇਤ ਦਸਤਾਰ ਸਜਾ ਕੇ ਬਿਨਾਂ ਹੈਲਮਿਟ ਤੋਂ ਮੋਟਰ ਸਾਈਕਲ ਚਲਾਉਣ ਦੀ ਪਹਿਲਾਂ ਹੀ ਇਜ਼ਾਜ਼ਤ ਹੈ। ਸਿੱਖ ਮੋਟਰ ਸਾਈਕਲ ਕਲੱਬ ਦੇ ਕਰਤਾ ਧਰਤਾ ਇੰਦਰਜੀਤ ਸਿੰਘ ਜਗਰਾਉਂ ਨੇ ਪ੍ਰੀਮੀਅਰ ਡਗ ਫੋਰਡ ਦਾ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਨੂੰ 18 ਤਾਰੀਖ ਨੂੰ ਅਸੈਂਬਲੀ ‘ਚ ਮਾਨਤਾ ਦੇਣ ਸਮੇਂ ਵੱਡੀ ਗਿਣਤੀ ਵਿਚ ਸੂਬੇ ਦੀ ਅਸੈਂਬਲੀ (ਕੂਈਨਜ਼ ਪਾਰਕ) ਪੁੱਜਣ ਲਈ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਬੱਸਾਂ ਚਲਾਈਆਂ ਜਾਣਗੀਆਂ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …