ਮੇਅਰਾਂ ਨੂੂੰ ਚੁਣਨ ਵਿਚ ਪੁੱਛ-ਪੜਤਾਲ ਨਾ ਹੋਣ ‘ਤੇ ਨਾਰਾਜ਼ ਹੋਏ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਮਾਗਮ ‘ਚੋਂ ਰਹੇ ਗੈਰਹਾਜ਼ਰ, ਮਨਾਉਣ ਤੇ ਸਮਝਾਉਣ ਤੋਂ ਬਾਅਦ ਕੈਬਨਿਟ ਦੀ ਬੈਠਕ ‘ਚ ਕੀਤੀ ਸ਼ਿਰਕਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਨਗਰ ਨਿਗਮ ਦੇ ਮੇਅਰਾਂ ਦੀ ਚੋਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਇਕ ਪਾਸੇ ਕਰ ਦਿੱਤਾ ਅਤੇ ਅੰਮ੍ਰਿਤਸਰ ਤੇ ਪਟਿਆਲਾ ‘ਚ ਆਪਣੀ ਮਰਜ਼ੀ ਦੇ ਮੇਅਰ ਬਣਾ ਲਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗ਼ੈਰਹਾਜ਼ਰੀ ਵਿੱਚ ਹੋਏ ਸਮਾਗਮ ਵਿੱਚ ਨਗਰ ਨਿਗਮ ਦੇ ਚੁਣੇ ਗਏ ਕੌਂਸਲਰਾਂ ਨੇ ਮੰਗਲਵਾਰ ਨੂੰ ਸਹੁੰ ਚੁੱਕੀ। ਕਰਮਜੀਤ ਸਿੰਘ ਰਿੰਟੂ ਨੂੰ ਨਗਰ ਨਿਗਮ ਦਾ ਮੇਅਰ ਨਾਮਜ਼ਦ ਕੀਤਾ ਗਿਆ ਹੈ। ਰਮਨ ਬਖਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਯੂਨਿਸ ਕੁਮਾਰ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਸਿੱਧੂ ਵਾਂਗ ਉਨ੍ਹਾਂ ਦੇ 15 ਹਮਾਇਤੀ ਕੌਂਸਲਰ ਵੀ ਸਮਾਗਮ ਵਿੱਚੋਂ ਗੈਰਹਾਜ਼ਰ ਰਹੇ।
ਪਟਿਆਲਾ ਨਗਰ ਨਿਗਮ ਦੇ ਚੌਥੇ ਹਾਊਸ ਦੇ ਕੌਂਸਲਰਾਂ ਨੂੰ ਨਿਗਮ ਦਫ਼ਤਰ ਵਿੱਚ ਸਹੁੰ ਚੁਕਾਏ ਜਾਣ ਦੀ ਰਸਮ ਅਦਾ ਹੋਣ ਤੋਂ ਤੁਰੰਤ ਬਾਅਦ ਕਾਂਗਰਸ ਆਗੂ ਸੰਜੀਵ ਸ਼ਰਮਾ ਬਿੱਟੂ ਨੂੰ ਨਵਾਂ ਮੇਅਰ ਚੁਣ ਲਿਆ ਗਿਆ ਹੈ। ਇਸੇ ਤਰ੍ਹਾਂ ਯੋਗਿੰਦਰ ਸਿੰਘ ਯੋਗੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਨਤੀ ਸੰਗਰ ਨੂੰ ਡਿਪਟੀ ਮੇਅਰ ਚੁਣਿਆ ਗਿਆ। ਕੁੱਲ 60 ਵਿੱਚੋਂ 59 ਕੌਂਸਲਰ ਕਾਂਗਰਸ ਦੇ ਹੋਣ ਕਾਰਨ ਇਹ ਤਿੰਨੇ ਅਹੁਦੇਦਾਰ ਵੀ ਕਾਂਗਰਸ ਦੇ ਹੀ ਚੁਣੇ ਗਏ ਹਨ।
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਅੰਮ੍ਰਿਤਸਰ ‘ਚ ਹੋਏ ਸਮਾਗਮ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਨੇ ਅਹੁਦੇ ਦੀ ਸਹੁੰ ਚੁੱਕੀ। ਇਜਲਾਸ ਦੀ ਸ਼ੁਰੂਆਤ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਰਾਜ ਕੰਵਲ ਚੌਧਰੀ ਦੀ ਪ੍ਰਧਾਨਗੀ ਵਿੱਚ ਹੋਈ। ਸਮਾਗਮ ਦੌਰਾਨ ਵਿਧਾਇਕ ਓ.ਪੀ. ਸੋਨੀ, ਜੋ ਕਿ ਨਿਗਮ ਦੇ ਸਦਨ ਦੇ ਬਤੌਰ ਵਿਧਾਇਕ ਮੈਂਬਰ ਹਨ, ਵੱਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਕਰਮਜੀਤ ਸਿੰਘ ਰਿੰਟੂ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨੂੰ ਨਿਰਵਿਰੋਧ ਚੁਣ ਲਿਆ ਗਿਆ।
ਮਗਰੋਂ ਸੀਨੀਅਰ ਡਿਪਟੀ ਮੇਅਰ ਵਜੋਂ ਰਮਨ ਬਖਸ਼ੀ ਦਾ ਨਾਂ ਵਿਧਾਇਕ ਸੁਨੀਲ ਦੱਤੀ ਅਤੇ ਡਿਪਟੀ ਮੇਅਰ ਵਜੋਂ ਯੂਨਿਸ ਕੁਮਾਰ ਦਾ ਨਾਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪੇਸ਼ ਕੀਤਾ। ਹਾਊਸ ਮੈਂਬਰਾਂ ਵੱਲੋਂ ਇਸ ਤਜਵੀਜ਼ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਵੱਲੋਂ ਕੋਈ ਹੋਰ ਨਾਂ ਨਾ ਪੇਸ਼ ਹੋਣ ‘ਤੇ ਇਨ੍ਹਾਂ ਦੀ ਚੋਣ ਨੂੰ ਅੰਤਿਮ ਕਰਾਰ ਦਿੱਤਾ ਗਿਆ। ਸਰਬਸੰਮਤੀ ਨਾਲ ਚੁਣੇ ਗਏ ਮੇਅਰ ਤੇ ਹੋਰਨਾਂ ਨੂੰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਤੇ ਹੋਰ ਅਧਿਕਾਰੀਆਂ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਨਗਰ ਨਿਗਮ ਦੇ 8ਵੇਂ ਮੇਅਰ ਬਣੇ ਹਨ। ਮਗਰੋਂ ਬਾਜਵਾ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਉਨ੍ਹਾਂ ਦੀਆਂ ਕੁਰਸੀਆਂ ‘ਤੇ ਬਿਠਾਇਆ ਤੇ ਵਧਾਈ ਦਿੱਤੀ। ਸਿੱਧੂ ਤੇ ਉਨ੍ਹਾਂ ਦੇ ਹਮਾਇਤੀ ਕੌਂਸਲਰਾਂ ਦੀ ਗ਼ੈਰਹਾਜ਼ਰੀ ਕਾਰਨ ਸਮਾਗਮ ਫਿੱਕਾ ਰਿਹਾ। ਇਨ੍ਹਾਂ ਕੌਂਸਲਰਾਂ ਨੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਅਰ ਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਵੇਲੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਰਾਇ ਨਹੀਂ ਲਈ ਗਈ। ਸਿੱਧੂ ਹਮਾਇਤੀ ਕੌਂਸਲਰਾਂ ਵਿੱਚ ਦਮਨਦੀਪ ਸਿੰਘ, ਸੁਖਦੇਵ ਸਿੰਘ ਚਾਹਲ, ਜਤਿੰਦਰ ਸਿੰਘ ਮੋਤੀ ਭਾਟੀਆ ਆਦਿ ਸ਼ਾਮਲ ਸਨ। ਇਨ੍ਹਾਂ ਨੇ ਸਹੁੰ ਵੀ ਨਹੀਂ ਚੁੱਕੀ। ਇਨ੍ਹਾਂ ਦੀ ਗੈਰਹਾਜ਼ਰੀ ਬਾਰੇ ਬਾਜਵਾ ਨੇ ਕਿਹਾ ਕਿ ਇਨ੍ਹਾਂ ਕੌਂਸਲਰਾਂ ਵਿੱਚੋਂ ਕੁਝ ਬਾਅਦ ਵਿੱਚ ਸਮਾਗਮ ਵਿੱਚ ਪੁੱਜ ਗਏ ਸਨ ਜਦਕਿ ਬਾਕੀਆਂ ਨੂੰ ਵੀ ਜਲਦੀ ਨਾਲ ਲੈ ਲਿਆ ਜਾਵੇਗਾ।
ਨਵੇਂ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਤੁਰੰਤ ਬਾਅਦ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਫ਼ ਸਫ਼ਾਈ ਅਤੇ ਟਰੈਫਿਕ ਵਿਵਸਥਾ ਨੂੰ ਠੀਕ ਕਰਨਾ ਤਰਜੀਹੀ ਕੰਮ ઠ ਹੋਵੇਗਾ। ਸਿੱਧੂ ਦੀ ਗੈਰਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਮੰਤਰੀ ਦੀ ਉਨ੍ਹਾਂ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਹ ਖੁਦ ਉਨ੍ਹਾਂ ਦੇ ਘਰ ਜਾ ਕੇ ਧੰਨਵਾਦ ਕਰਨਗੇ।
ਜਾਖੜ ਵੱਲੋਂ ਰਿਪੋਰਟ ਤਲਬ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੀ ਰਿਪੋਰਟ ਤਲਬ ਕਰ ਲਈ ਹੈ। ਇਕ ਸੀਨੀਅਰ ਆਗੂ ਨੇ ਕਿਹਾ ਕਿ ਮੇਅਰਾਂ ਦੀ ਚੋਣ ਦਾ ਫੈਸਲਾ ਭਾਵੇਂ ਦਿੱਲੀ ਵਿੱਚ ਕੀਤਾ ਗਿਆ ਸੀ, ਪਰ ਫਿਰ ਵੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੋਣ ਕਰਕੇ ਸਿੱਧੂ ਨੂੰ ਚੋਣ ਅਮਲ ਵਿੱਚ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਸੀ।
ਨਵਜੋਤ ਸਿੱਧੂ ਦੇ ਸ਼ਿਕਵੇ ਦੂਰ : ਮਨਪ੍ਰੀਤ ਬਾਦਲ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਦੂਰ ਹੋਣ ਦੀ ਪੁਸ਼ਟੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਰ ਦਿੱਤੀ ਹੈ। ਪਰ ਖੁਦ ਸਿੱਧੂ ਨੇ ਇਸ ਮਾਮਲੇ ਬਾਰੇ ਬੋਲਣ ਤੋਂ ਗੁਰੇਜ਼ ਕੀਤਾ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਉਹ ਮੀਡੀਆ ਨਾਲ ਗੱਲਬਾਤ ਕਰਨ ਤੋਂ ਕੰਨੀ ਕਤਰਾ ਗਏ ।ਪੱਤਰਕਾਰਾਂ ਨਾਲ ਗੱਲ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਖ਼ੁਸ਼ ਮਿਜ਼ਾਜ ਨਜ਼ਰ ਆਏ।
ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਜਲੰਧਰ ‘ਚ ਚੁੱਕੀ ਸਹੁੰ
ਜਲੰਧਰ : ਨਵਜੋਤ ਸਿੱਧੂ ਦੀ ਨਾਰਾਜ਼ਗੀ ਕਾਰਨ ਬਾਗ਼ੀ ਹੋਏ ਅੰਮ੍ਰਿਤਸਰ ਦੇ ਕੌਂਸਲਰਾਂ ਨੇ ਵੀਰਵਾਰ ਨੂੰ ਆਪਣੇ ਅਹੁਦੇ ਦੀ ਰਸਮੀ ਸ਼ੁਰੂਆਤ ਜਲੰਧਰ ਤੋਂ ਕਰ ਲਈ ਹੈ। ਸਿੱਧੂ ਦੇ ਹਮਾਇਤੀ 17 ਕੌਂਸਲਰ ਅੰਮ੍ਰਿਤਸਰ ਦੇ ਨਿਗਮ ਹਾਊਸ ਵਿਚ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਨਹੀਂ ਸੀ। ਹੁਣ ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਆਪਣੇ ਅਹੁਦੇ ਦੀ ਸਹੁੰ ਜਲੰਧਰ ਮੇਅਰ ਦੀ ਚੋਣ ਮੌਕੇ ਚੁੱਕ ਲਈ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …