ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਵੁਈ ਚੈਰਿਟੀ ਨੂੰ 900 ਮਿਲੀਅਨ ਡਾਲਰ ਦਾ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਦੇਣ ਸਬੰਧੀ ਹਾਊਸ ਆਫ ਕਾਮਨਜ਼ ਦੀ ਵਿੱਤ ਕਮੇਟੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸਹਿਮਤੀ ਦੇ ਦਿੱਤੀ ਹੈ।
ਟਰੂਡੋ ਦੇ ਬੁਲਾਰੇ ਕੈਮਰੂਨ ਅਹਿਮਦ ਨੇ ਦੱਸਿਆ ਕਿ ਇਸ ਸਬੰਧ ਵਿੱਚ ਤਰੀਕ ਤੇ ਸਮਾਂ ਤੈਅ ਕੀਤਾ ਜਾਣਾ ਬਾਕੀ ਹੈ। ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਇਸ ਆਰਗੇਨਾਈਜ਼ੇਸ਼ਨ ਨੂੰ ਦੇਣ ਦੇ ਮਾਮਲੇ ਵਿੱਚ ਟਰੂਡੋ ਵੱਲੋਂ ਨਿਭਾਈ ਭੂਮਿਕਾ ਦੀ ਜਾਂਚ ਫੈਡਰਲ ਐਥਿਕਸ ਵਾਚਡੌਗ ਵੱਲੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹ ਡੀਲ ਰੱਦ ਹੋ ਚੁੱਕੀ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਵੁਈ ਚੈਰਿਟੀ ਦੇ ਖਰਚੇ ਉੱਤੇ ਬੀਤੇ ਸਾਲਾਂ ਵਿੱਚ ਪਰਿਵਾਰ ਸਮੇਤ ਵਿਦੇਸ਼ਾਂ ਦੇ ਦੋ ਟਰਿੱਪ ਕਰਨ ਦੀ ਗੱਲ ਮੰਨੀ ਤੇ ਇਸ ਸੰਸਥਾ ਨੂੰ ਉਨ੍ਹਾਂ ਟਰਿੱਪਜ਼ ਉੱਤੇ ਕੀਤੇ ਗਏ ਖਰਚੇ ਦੇ 41,000 ਡਾਲਰ ਦਾ ਚੈੱਕ ਦੇਣ ਦਾ ਖੁਲਾਸਾ ਕੀਤਾ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਵੀ ਜ਼ੋਰ ਫੜ੍ਹਨ ਲੱਗੀ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …