11 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਕਮੇਟੀ ਮੂਹਰੇ ਪੇਸ਼ ਹੋ ਰੱਖਿਆ ਆਪਣਾ ਪੱਖ

ਕਮੇਟੀ ਮੂਹਰੇ ਪੇਸ਼ ਹੋ ਰੱਖਿਆ ਆਪਣਾ ਪੱਖ

ਵਿੱਤ ਮੰਤਰੀ ਬਿੱਲ ਮੌਰਨਿਊ ਦੇ ਪਰਿਵਾਰ ਨੇ ਵੁਈ ਚੈਰਿਟੀ ਦੇ ਖਰਚੇ ‘ਤੇ ਕੀਤੇ ਦੋ ਵਿਦੇਸ਼ੀ ਦੌਰੇ
ਹਵਾਈ ਸਫਰ ਅਤੇ ਹੋਟਲ ਦਾ ਖਰਚਾ ਬਣਿਆ ਸੀ 52,000 ਡਾਲਰ
ਓਟਵਾ/ਬਿਊਰੋ ਨਿਊਜ਼ : ਵਿੱਤ ਮੰਤਰੀ ਬਿੱਲ ਮੌਰਨਿਊ ਨੇ ਖੁਲਾਸਾ ਕੀਤਾ ਹੈ ਕਿ 2017 ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਦੇਸ਼ ਦੇ ਦੋ ਟਰਿੱਪ ਕੀਤੇ ਗਏ ਸਨ ਜਿਨ੍ਹਾਂ ਦਾ ਬਹੁਤਾ ਖਰਚਾ ਵੁਈ ਚੈਰਿਟੀ ਨੇ ਚੁੱਕਿਆ ਸੀੇ। ਇਸ ਟਰਿੱਪ ਵਿੱਚੋਂ ਕੀਨੀਆ ਦਾ ਇੱਕ ਟਰਿੱਪ ਉਨ੍ਹਾਂ ਦੀ ਪਤਨੀ ਤੇ ਧੀ ਵੱਲੋਂ ਕੀਤਾ ਗਿਆ ਸੀ ਤੇ ਦੂਜਾ ਟਰਿੱਪ ਉਨ੍ਹਾਂ ਵੱਲੋਂ ਪਰਿਵਾਰ ਸਮੇਤ ਇਕੁਆਡੋਰ ਦਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਪਤਨੀ ਵੱਲੋਂ ਇਸ ਚੈਰਿਟੀ ਨੂੰ 100,000 ਡਾਲਰ ਡੋਨੇਸ਼ਨ ਵਜੋਂ ਦਿੱਤੇ ਜਾ ਚੁੱਕੇ ਹਨ।
ਵਿੱਤ ਮੰਤਰੀ ਵੱਲੋਂ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਦੇ ਸਮੇਂ ਵੁਈ ਚੈਰਿਟੀ ਨਾਲ ਹੋਰ ਨੇੜਲੇ ਸਬੰਧਾਂ ਬਾਰੇ ਇਹ ਤਾਜ਼ਾ ਖੁਲਾਸਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੁਈ ਚੈਰਿਟੀ ਨੂੰ 912 ਮਿਲੀਅਨ ਡਾਲਰ ਵਾਲਾ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਨੇਪਰੇ ਚੜ੍ਹਾਉਣ ਲਈ ਦੇਣ ਕਾਰਨ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੇ ਹੋਏ ਹਨ।
ਮੌਰਨਿਊ ਨੇ ਆਖਿਆ ਕਿ ਆਪਣੇ ਨਿਜੀ ਰਿਕਾਰਡਜ਼ ਨੂੰ ਵਾਚਦਿਆਂ ਹੋਇਆਂ ਉਨ੍ਹਾਂ ਪਾਇਆ ਕਿ ਜਿਨ੍ਹਾਂ ਦੌਰਿਆਂ ਦੀ ਉਹ ਗੱਲ ਕਰ ਰਹੇ ਹਨ ਉਨ੍ਹਾਂ ਲਈ ਹਵਾਈ ਸਫਰ ਤੇ ਹੋਟਲ ਦੀ ਲਾਗਤ ਦਾ ਖਰਚਾ, ਜੋ ਕਿ 52,000 ਡਾਲਰ ਬਣਿਆ ਸੀ, ਉਨ੍ਹਾਂ ਦੇ ਪਰਿਵਾਰ ਨੇ ਹੀ ਚੁੱਕਿਆ। ਪਰ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਉਨ੍ਹਾਂ ਟਰਿੱਪਜ਼ ਦਾ ਬਾਕੀ ਖਰਚਾ ਚੈਰਿਟੀ ਵੱਲੋਂ ਕੀਤਾ ਗਿਆ, ਜਿਸ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀ।
ਮੌਰਨਿਊ ਨੇ ਆਖਿਆ ਕਿ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਅਸਿਸਟੈਂਟ ਵੁਈ ਚੈਰਿਟੀ ਕੋਲ ਗਿਆ ਤੇ ਉਸ ਨੇ ਬਾਕੀ ਖਰਚੇ ਬਾਰੇ ਪਤਾ ਕੀਤਾ, ਜੋ ਕਿ 41,366 ਡਾਲਰ ਬਣਦਾ ਸੀ। ਕਮੇਟੀ ਸਾਹਮਣੇ ਆਉਣ ਤੋਂ ਪਹਿਲਾਂ ਉਹ ਇਸ ਬਣਦੀ ਰਕਮ ਦਾ ਚੈੱਕ ਚੈਰਿਟੀ ਨੂੰ ਦੇ ਕੇ ਆਏ ਹਨ। ਮੌਰਨਿਊ ਨੇ ਐਮਪੀਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵੱਲੋਂ ਇਨ੍ਹਾਂ ਟਰਿੱਪਜ਼ ਦਾ ਪੂਰਾ ਖਰਚਾ ਆਪ ਚੁੱਕਿਆ ਸੀ। ਇਹ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਸੀ ਕਿ ਇਹ ਖਰਚਾ ਉਨ੍ਹਾਂ ਵੱਲੋਂ ਹੀ ਚੁੱਕਿਆ ਜਾਂਦਾ। ਪਰ ਜੇ ਗਲਤੀ ਹੋਈ ਹੈ ਤਾਂ ਉਹ ਉਸ ਦੀ ਮੁਆਫੀ ਮੰਗਦੇ ਹਨ।
ਮੌਰਨਿਊ ਨੇ ਆਖਿਆ ਕਿ ਉਨ੍ਹਾਂ ਦੀ ਪਤਨੀ ਨੈਂਸੀ ਮੈਕੇਨ ਨੇ ਵੁਈ ਚੈਰਿਟੀ ਨੂੰ 50,000 ਡਾਲਰ ਦੀ ਡੋਨੇਸ਼ਨ ਦੋ ਵਾਰੀ ਦਿੱਤੀੇ। ਇੱਕ ਅਪਰੈਲ 2018 ਵਿੱਚ ਕੈਨੇਡਾ ਦੇ ਵਿਦਿਆਰਥੀਆਂ ਲਈ ਅਤੇ ਦੂਜੀ ਜੂਨ 2020 ਵਿੱਚ ਕੋਵਿਡ-19 ਦੇ ਕੀਨੀਆ ਤੇ ਕੈਨੇਡਾ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਦਿੱਤੀ ਗਈ। ਉਨ੍ਹਾਂ ਇਹ ਵੀ ਆਖਿਆ ਕਿ ਵੁਈ ਤੇ ਉਸ ਵਰਗੀਆਂ ਆਰਗੇਨਾਈਜ਼ੇਸ਼ਨਜ਼ ਜਿਹੜਾ ਕੰਮ ਕਰ ਰਹੀਆਂ ਹਨ ਉਹ ਉਨ੍ਹਾਂ ਲਈ ਕਾਫੀ ਅਹਿਮ ਹੈ।
ਮੌਰਨਿਊ ਵੱਲੋਂ ਕੀਤੇ ਗਏ ਇਨ੍ਹਾਂ ਤਾਜ਼ਾ ਖੁਲਾਸਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਐਮਪੀਜ਼ ਨੇ ਵਿੱਤ ਮੰਤਰੀ ਨੂੰ ਘੇਰ ਲਿਆ ਤੇ ਸਵਾਲਾਂ ਦੀ ਝੜੀ ਲਾ ਦਿੱਤੀ ਗਈ। ਕੰਜ਼ਰਵੇਟਿਵ ਐਮਪੀ ਪਿਏਰੇ ਪੌਲੀਵੀਅਰ ਨੇ ਪੁੱਛਿਆ ਕਿ ਕੀ ਉਹ ਜਾਣਦੇ ਸਨ ਕਿ ਪੇਡ ਟਰਿੱਪਜ਼ ਰਾਹੀਂ ਉਹ ਐਥੀਕਲ ਬ੍ਰੀਚ ਕਰ ਰਹੇ ਹਨ।
ਐਨਡੀਪੀ ਐਮਪੀ ਚਾਰਲੀ ਐਂਗਸ ਨੇ ਸਵਾਲ ਕੀਤਾ ਕਿ ਲਿਬਰਲ ਐਮਪੀ ਤੇ ਵਿੱਤ ਮੰਤਰੀ ਰਹਿੰਦਿਆਂ ਕਦੇ ਉਨ੍ਹਾਂ ਕੌਨਫਲਿਕਟ ਆਫ ਇੰਟਰਸਟ ਐਕਟ ਪੜ੍ਹਿਆ ਹੈ? ਪੋਲੀਵੀਅਰ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਕਿਵੇਂ ਪਤਾ ਹੀ ਨਹੀਂ ਲੱਗਿਆ ਕਿ ਜਿੰਨੀ ਕਿਸੇ ਕੈਨੇਡੀਅਨ ਦੀ ਸਾਲ ਭਰ ਦੀ ਕਮਾਈ ਹੋ ਸਕਦੀ ਹੈ, ਓਨੀ ਰਕਮ ਉਨ੍ਹਾਂ ਦੇ ਟਰਿੱਪ ਉੱਤੇ ਕਿਸੇ ਹੋਰ ਵੱਲੋਂ ਖਰਚੀ ਗਈ ਹੈ?
ਮੌਰਨਿਊ ਦੇ ਬਿਆਨ ਪੂਰਾ ਕਰਨ ਤੋਂ ਬਾਅਦ ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ ਨੇ ਕਮੇਟੀ ਤੋਂ ਮੰਗ ਕੀਤੀ ਕਿ ਉਹ ਫੌਰੀ ਵਿੱਤ ਮੰਤਰੀ ਤੋਂ ਅਸਤੀਫਾ ਲਵੇ। ਇਸ ਪ੍ਰਸਤਾਵ ਉੱਤੇ ਅਗਲੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS