ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦੀ ਚੋਣ ਦੇ ਪ੍ਰਚਾਰ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਆਖਿਆ ਹੈ ਕਿ ਜੇਕਰ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਭਾਰਤ ਨਾਲ ਵਧੀਆ ਦੋਸਤਾਂ ਵਾਲੇ ਸਬੰਧ ਰੱਖਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਚੰਗੇ ਦੋਸਤ ਪ੍ਰਸੰਸਾ ਵੀ ਕਰਦੇ ਹਨ ਅਤੇ ਕੋਈ ਗਲਤੀ ਹੋਵੇ ਤਾਂ ਆਲੋਚਨਾ ਵੀ ਕਰਦੇ ਹਨ। ਕਸ਼ਮੀਰ ਦੇ ਮੁੱਦੇ ‘ਤੇ ਜਗਮੀਤ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਓਥੇ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਥੇ ਅਸੀਂ ਇਕੱਠੇ ਹੋ ਕੇ ਅੱਗੇ ਵੱਧ ਸਕਦੇ ਹਾਂ ਤਾਂ ਸਾਨੂੰ ਆਪਸੀ ਸਹਿਯੋਗ ਨਾਲ ਅੱਗੇ ਚੱਲਣਾ ਚਾਹੀਦਾ। ਖਾਲਿਸਤਾਨ ਬਾਰੇ ਉਨ੍ਹਾਂ ਆਖਿਆ ਕਿ ਮੈਂ ਕੈਨੇਡਾ ਦਾ ਜੰਮਪਲ ਹਾਂ ਅਤੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ। ਉਨ੍ਹਾਂ ਨੇ ਸਪੇਨ ਅਤੇ ਸਕਾਟਲੈਂਡ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਆਤਮ-ਨਿਰਣਾਕਾਰੀ ਦਾ ਅਧਿਕਾਰ ਸੰਯੁਕਤ ਰਾਸ਼ਟਰ ਸੰਘ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਹੱਕ ਨੂੰ ਮੈਂ ਮੰਨਦਾ ਹਾਂ। ਜਗਮੀਤ ਨੇ ਸਪੱਸ਼ਟ ਆਖਿਆ ਕਿ ਹਿੰਸਾ ਦੀ ਸਖ਼ਤ ਆਲੋਚਨਾ ਕਰਦਾ ਹਾਂ। ਇਹ ਵੀ ਕਿ ਸ਼ਾਂਤੀਪੂਰਵਕ, ਹੌਂਸਲੇ ਅਤੇ ਦ੍ਰਿੜਤਾ ਨਾਲ ਅੱਗੇ ਵਧਣ ‘ਚ ਵਿਸ਼ਵਾਸ਼ ਰੱਖਦਾ ਹਾਂ। ਇਹ ਵੀ ਕਿਹਾ ਕਿ ਮੇਰੀ ਸਰਕਾਰ ਅਮੀਰਾਂ ਲਈ ਨਹੀਂ ਆਮ ਲੋਕਾਂ ਦੇ ਹਿੱਤ ‘ਚ ਕੰਮ ਕਰੇਗੀ। ਉਨ੍ਹਾਂ ਆਖਿਆ ਕਿ ਜੇਕਰ ਮੇਰੀ ਸਰਕਾਰ ਬਣੀ ਤਾਂ ਅਰਬਾਂਪਤੀਆਂ (ਦੇਸ਼ ਭਰ ‘ਚ 2000 ਕੁ ਵਿਅਕਤੀ) ਨੂੰ 1 ਫੀਸਦ ਵੱਧ ਟੈਕਸ ਲਗਾਇਆ ਜਾਵੇਗਾ ਜਿਸ ਨਾਲ ਸਾਲਾਨਾ 70 ਅਰਬ ਡਾਲਰ ਸਰਕਾਰੀ ਖਜ਼ਾਨੇ ‘ਚ ਆਇਆ ਕਰਨਗੇ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …