Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਹੁਣ ਤੇਜ਼ੀ ਨਾਲ ਰੇਗਿਸਤਾਨ ਵੱਲ ਵਧਣ ਲੱਗਾ

ਪੰਜਾਬ ਹੁਣ ਤੇਜ਼ੀ ਨਾਲ ਰੇਗਿਸਤਾਨ ਵੱਲ ਵਧਣ ਲੱਗਾ

ਹਰ ਸਾਲ ਧਰਤੀ ਹੇਠੋਂ 35 ਅਰਬ ਘਣ ਮੀਟਰ ਪਾਣੀ ਕੱਢ ਰਹੀਆਂ ਨੇ ਮੋਟਰਾਂ
ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣਾ ਚਿੰਤਾ ਦਾ ਵਿਸ਼ਾ
ਜਲੰਧਰ/ਬਿਊਰੋ ਨਿਊਜ਼ : ਪੰਜਾਂ ਦਰਿਆਵਾਂ ਵਾਲੇ ਪੰਜਾਬ ਦੀ ਧਰਤੀ ਪਾਣੀ ਦੇ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਕੇਂਦਰੀ ਭੂ-ਜਲ ਬੋਰਡ ਦੀ 2019 ਵਿੱਚ ਆਈ ਰਿਪੋਰਟ ਨੇ ਬੜੇ ਭਿਆਨਕ ਅੰਕੜੇ ਪੇਸ਼ ਕੀਤੇ ਹਨ। ਰਿਪੋਰਟ ਮੁਤਾਬਕ ਧਰਤੀ ਹੇਠਲੇ ਤਿੰਨ ਪੱਤਣਾਂ ਦਾ ਪਾਣੀ ਮੁੱਕ ਚੱਲਿਆ ਹੈ। ਇਨ੍ਹਾਂ ਪੱਤਣਾਂ ‘ਚ 320 ਅਰਬ ਘਣ ਮੀਟਰ ਪਾਣੀ ਹੈ ਤੇ ਹਰੇਕ ਸਾਲ ਮੀਂਹਾਂ ਰਾਹੀਂ 21 ਅਰਬ ਘਣ ਮੀਟਰ ਪਾਣੀ ਧਰਤੀ ‘ਚ ਸਿੰਮਦਾ ਹੈ।
ਰਿਪੋਰਟ ਅਨੁਸਾਰ ਪੰਜਾਬੀ ਹਰ ਸਾਲ 35 ਅਰਬ ਘਣ ਮੀਟਰ ਪਾਣੀ ਧਰਤੀ ਹੇਠੋਂ ਕੱਢ ਰਹੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਸਿਰਫ 17 ਸਾਲਾਂ ਦਾ ਹੀ ਬਚਿਆ ਹੈ। ਆਈਆਈਟੀ ਖੜਗਪੁਰ, ਅਮਰੀਕਾ ਦੀ ਨਾਸਾ ਏਜੰਸੀ, ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਅਧਿਐਨਾਂ ਅਨੁਸਾਰ ਪੰਜਾਬ ਬੜੀ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ।
ਪੰਜਾਬ ਵਿੱਚ ਇਸ ਵੇਲੇ 15 ਲੱਖ ਤੋਂ ਵੱਧ ਟਿਊਬਵੈੱਲ ਹਨ, ਜਿਨ੍ਹਾਂ ਵਿੱਚ 14 ਲੱਖ 20 ਹਜ਼ਾਰ ‘ਤੇ ਬਿਜਲੀ ਦੀਆਂ ਮੋਟਰਾਂ ਤੇ ਬਾਕੀਆਂ ‘ਤੇ ਡੀਜ਼ਲ ਇੰਜਣ ਲੱਗੇ ਹੋਏ ਹਨ। ਇਨ੍ਹਾਂ ਟਿਊਬਵੈੱਲਾਂ ਰਾਹੀਂ ਪਾਣੀ ਕੱਢਣ ਲਈ ਸਾਢੇ 7 ਹਾਰਸ ਪਾਵਰ ਤੋਂ 12 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ। ਝੋਨੇ ਦੀ ਬਿਜਾਈ ਸਮੇਂ 15 ਜੂਨ ਤੋਂ 30 ਸਤੰਬਰ ਤੱਕ 8-8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਦੇ ਅਥਾਹ ਭੰਡਾਰ ਨੂੰ ਲਗਾਤਾਰ ਖਤਮ ਕਰ ਰਹੀਆਂ ਹਨ। ਖੇਤੀਬਾੜੀ ਲਈ ਮੋਟਰਾਂ ਸਾਲ ਵਿੱਚ 8 ਤੋਂ 9 ਹਜ਼ਾਰ ਯੂਨਿਟ ਬਿਜਲੀ ਫੂਕਦੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਸੀ ਕਿ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਵਿੱਚ 30 ਸਾਲ ਪਹਿਲਾਂ 70 ਫੁੱਟ ਤੱਕ ਪਾਣੀ ਹੁੰਦਾ ਸੀ, ਜੋ ਹੁਣ 700 ਫੁੱਟ ‘ਤੇ ਪਹੁੰਚ ਗਿਆ ਹੈ। ਕੈਪਟਨ ਨੇ ਗੜ੍ਹਸ਼ੰਕਰ ‘ਚ 1200 ਫੁੱਟ ‘ਤੇ ਲੱਗੇ ਟਿਊਬਵੈੱਲ ਦਾ ਜ਼ਿਕਰ ਕਰਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਦਾ ਵਾਸਤਾ ਪਾਇਆ ਸੀ।
ਕੁਦਰਤੀ ਸੋਮੇ ਬਚਾਉਣ ਲਈ ਕਾਰਗਰ ਨੀਤੀ ਨਹੀਂ ਬਣੀ: ਸੀਚੇਵਾਲ
ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ‘ਚ ਪੈ ਰਹੀਆਂ ਪਿੰਡਾਂ-ਸ਼ਹਿਰਾਂ ਦੀਆਂ ਗੰਦਗੀਆਂ ਵਿਰੁੱਧ 2008 ਤੋਂ ਸੰਘਰਸ਼ ਕਰ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਵਾਤਾਵਰਨ ਚੇਤਨਾ ਲਹਿਰ ਪੰਜਾਬ ਵੱਲੋਂ ਜੋ ਮੁਹਿੰਮ ਵਿੱਢੀ ਗਈ ਸੀ, ਉਸ ਦਾ ਉਦੇਸ਼ ਇਹੀ ਸੀ ਕਿ ਤੇਜ਼ੀ ਨਾਲ ਖਤਮ ਹੋ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨੀਤੀਆਂ ਘੜੀਆਂ ਜਾਣ। ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕੋਈ ਵੀ ਕਾਰਗਰ ਨੀਤੀ ਨਹੀਂ ਬਣਾਈ ਜਾ ਰਹੀ। ਸਤਲੁਜ ਦਰਿਆ ਵਿੱਚ ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ‘ਏ’ ਗ੍ਰੇਡ ਦਾ ਪਾਣੀ ਦਾਖਲ ਹੁੰਦਾ ਸੀ, ਜੋ ਹੁਣ ‘ਬੀ’ ਗ੍ਰੇਡ ਦਾ ਹੋ ਗਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਤੇ ਦਰਿਆ ਪੰਜਾਬ ਦੀਆਂ ਸਾਹ ਰਗਾਂ ਹਨ, ਇਨ੍ਹਾਂ ਨੂੰ ਬਚਾਉਣਾ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉਥੇ ਹੀ ਲੋਕਾਂ ਲਈ ਵੀ ਜ਼ਰੂਰੀ ਹੈ ਕਿ ਉਹ ਇਸ ਕੁਦਰਤੀ ਸੋਮੇ ਨੂੰ ਬਚਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …