ਭਲਕੇ 26 ਜਨਵਰੀ ਦੀ ਪਰੇਡ ‘ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਪਹੁੰਚੇ
ਨਵੀਂ ਦਿੱਲੀ, ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜਦੋਂ ਦੇ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ, ਉਦੋਂ ਤੋਂ ਹੀ ਪੰਜਾਬ ਸਮੇਤ ਹੋਰ ਰਾਜਾਂ ਵਿਚ ਵੀ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਆਗੂਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਹੁਣ ਤੱਕ 12 ਮੀਟਿੰਗਾਂ ਹੋਈਆਂ ਹਨ, ਜੋ ਬੇਸਿੱਟਾ ਰਹੀਆਂ ਹਨ। ਕਿਸਾਨਾਂ ਨੇ ਦ੍ਰਿੜ ਇਰਾਦਾ ਕੀਤਾ ਹੋਇਆ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ। ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਨੂੰ ਦੋ ਮਹੀਨੇ ਹੋ ਚੁੱਕੇ ਹਨ। ਹੁਣ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਦਿੱਲੀ ‘ਚ ਟਰੈਕਟਰ ਪਰੇਡ ਕਰਨੀ ਹੈ, ਜੋ ਕਿ ਇਕ ਨਵਾਂ ਇਤਿਹਾਸ ਸਿਰਜ ਦੇਵੇਗੀ। ਇਸ ਨੂੰ ਲੈ ਕੇ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚ ਚੁੱਕੇ ਹਨ। ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਪਾਸੇ ਸਰਕਾਰੀ ਪਰੇਡ ਹੋਵੇਗੀ ਅਤੇ ਦੂਜੇ ਪਾਸੇ ਸਰਕਾਰ ਖਿਲਾਫ ਪਰੇਡ ਹੋਵੇਗੀ। ਇਸ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਵੀ ਕਿਸਾਨਾਂ ਨੂੰ ਟਰੈਕਟਰ ਪਰੇਡ ਲਈ ਸਹਿਮਤੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸੜਕ ਤੋਂ ਬੈਰੀਕੇਡ ਵੀ ਹਟਾਉਣੇ ਸ਼ੁਰੂ ਕਰ ਦਿੱਤੇ ਸਨ। ਟਰੈਕਟਰ ਪਰੇਡ ਦੌਰਾਨ ਇਕ ਟਰੈਕਟਰ ‘ਤੇ ਤਿੰਨ ਵਿਅਕਤੀਆਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ ਹੈ।

