
ਯਸ਼ਵੰਤ ਵਰਮਾ ਦੇ ਘਰੋਂ ਮਿਲੀ ਸੀ ਭਾਰੀ ਮਾਤਰਾ ’ਚ ਨਕਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਅੱਜ ਸੋਮਵਾਰ ਨੂੰ ਐਲਾਨ ਕੀਤਾ ਕਿ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ’ਚੋਂ ਕਥਿਤ ਤੌਰ ’ਤੇ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਹੋਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਉਨ੍ਹਾਂ ਕੋਲੋਂ ਨਿਆਂਇਕ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ। ਇਹ ਐਲਾਨ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਇੱਕ ਨੋਟ ਵਿਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ’ਚੋਂ ਭਾਰੀ ਮਾਤਰਾ ’ਚ ਨਕਦੀ ਦੀ ਬਰਾਮਦਗੀ ਦੇ ਮਾਮਲੇ ਦੀ ਪੂਰੀ ਅੰਦਰੂਨੀ ਜਾਂਚ ਰਿਪੋਰਟ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਸੀ। ਯਸ਼ਵੰਤ ਵਰਮਾ ਦੇ ਘਰੋਂ ਭਾਰਤੀ ਕਰੰਸੀ ਦੇ ਚਾਰ ਤੋਂ ਪੰਜ ਅੱਧ ਸੜੇ ਹੋਏ ਬੰਡਲ ਮਿਲੇ ਸਨ। ਉਧਰ ਦੂਜੇ ਪਾਸੇ ਜਸਟਿਸ ਯਸ਼ਵੰਤ ਵਰਮਾ ਨੇ ਨਕਦੀ ਦੀ ਵਸੂਲੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਘਰ ਦੇ ਸਟੋਰ ਰੂਮ ਵਿਚ ਕੋਈ ਨਕਦੀ ਨਹੀਂ ਰੱਖੀ ਹੈ।