Breaking News
Home / ਭਾਰਤ / ਭਾਰਤ ਜੋੜੋ ਯਾਤਰਾ ਸਮਾਪਤ

ਭਾਰਤ ਜੋੜੋ ਯਾਤਰਾ ਸਮਾਪਤ

ਕਸ਼ਮੀਰੀਆਂ ਨੇ ਮੈਨੂੰ ਬਹੁਤ ਮੁਹੱਬਤ ਦਿੱਤੀ : ਰਾਹੁਲ
ਭਾਰੀ ਬਰਫ਼ਬਾਰੀ ਦਰਮਿਆਨ ਲੋਕਾਂ ‘ਚ ਦਿਖਿਆ ਉਤਸ਼ਾਹ
ਸ੍ਰੀਨਗਰ/ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਉਨ੍ਹਾਂ ਨੂੰ ਹੱਥਗੋਲੇ ਨਹੀਂ ਸਗੋਂ ਮੁਹੱਬਤ ਭਰਿਆ ਦਿਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮਕਸਦ ਦੇਸ਼ ਦੀਆਂ ਉਦਾਰ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਬਚਾਉਣਾ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਰੀਬ ਪੰਜ ਮਹੀਨੇ ਚੱਲੀ ਯਾਤਰਾ ਦੀ ਇਥੇ ਸਮਾਪਤੀ ਮੌਕੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਮੈਨੂੰ ਜੰਮੂ ਕਸ਼ਮੀਰ ‘ਚ ਪੈਦਲ ਨਾ ਚੱਲਣ ਦੀ ਸਲਾਹ ਦਿੱਤੀ ਗਈ ਸੀ ਕਿਉਂਕਿ ਮੇਰੇ ‘ਤੇ ਹਮਲਾ ਹੋ ਸਕਦਾ ਸੀ। ਮੈਂ ਸੋਚ ਵਿਚਾਰ ਕੇ ਫ਼ੈਸਲਾ ਲਿਆ ਕਿ ਮੈਂ ਆਪਣੇ ਘਰ ਅਤੇ ਆਪਣੇ ਲੋਕਾਂ (ਜੰਮੂ ਕਸ਼ਮੀਰ ‘ਚ) ਨਾਲ ਹੀ ਚੱਲਾਂਗਾ। ਮੇਰੇ ਦੁਸ਼ਮਣਾਂ ਨੂੰ ਮੇਰੀ ਟੀ-ਸ਼ਰਟ ਦਾ ਰੰਗ ਬਦਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਲਾਲ ਕਰਨ ਦਿਉ।”
ਭਾਰੀ ਬਰਫ਼ਬਾਰੀ ਦੇ ਬਾਵਜੂਦ ਰੈਲੀ ‘ਚ ਵੱਡੀ ਗਿਣਤੀ ‘ਚ ਲੋਕ ਜੁੜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਾਂਠਾ ਚੌਕ ‘ਚ ਕੈਂਪ ਵਾਲੀ ਥਾਂ ‘ਤੇ ਤਿਰੰਗਾ ਲਹਿਰਾਇਆ। ਬਾਅਦ ‘ਚ ਮੌਲਾਨਾ ਆਜ਼ਾਦ ਚੌਕ ‘ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ, ਪ੍ਰਿਯੰਕਾ ਅਤੇ ਹੋਰ ਆਗੂਆਂ ਦੀ ਹਾਜ਼ਰੀ ‘ਚ ਤਿਰੰਗਾ ਲਹਿਰਾਇਆ। ਕਾਂਗਰਸ ਪ੍ਰਧਾਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਚੋਣਾਂ ਜਿੱਤਣ ਲਈ ਨਹੀਂ ਕੱਢੀ ਗਈ ਹੈ ਸਗੋਂ ਇਹ ਭਾਜਪਾ ਅਤੇ ਆਰਐੱਸਐੱਸ ਵੱਲੋਂ ਦੇਸ਼ ‘ਚ ਫੈਲਾਈ ਜਾ ਰਹੀ ਨਫ਼ਰਤ ਦੇ ਟਾਕਰੇ ਲਈ ਸੀ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚਹੇਤੇ 10 ਫ਼ੀਸਦੀ ਲੋਕ ਮੁਲਕ ਦੀ 72 ਫ਼ੀਸਦੀ ਸੰਪਤੀ ਲੁੱਟ ਰਹੇ ਹਨ। ਰਾਹੁਲ ਨੇ ਭਾਜਪਾ ਦੇ ਸਿਖਰਲੇ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਜੰਮੂ ਕਸ਼ਮੀਰ ‘ਚ ਪੈਦਲ ਯਾਤਰਾ ਕਰਕੇ ਦਿਖਾਉਣ। ‘ਉਨ੍ਹਾਂ ਨੂੰ ਪੈਦਲ ਮਾਰਚ ਤੋਂ ਕੋਈ ਨਹੀਂ ਰੋਕ ਰਿਹਾ ਹੈ ਸਗੋਂ ਉਹ ਯਾਤਰਾ ਕਰਨ ਤੋਂ ਡਰਦੇ ਹਨ।’ ਰਾਹੁਲ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਹਿੰਸਾ ਭੜਕਾ ਕੇ ਦੇਸ਼ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਢਾਹ ਲਗਾ ਰਹੇ ਹਨ।
ਰਾਹੁਲ ਨੇ ਜੰਮੂ ਕਸ਼ਮੀਰ ‘ਚ ਕਸ਼ਮੀਰੀਅਤ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਇਸ ਦਾ ਮਤਲਬ ਇਕ-ਦੂਜੇ ਨੂੰ ਜੋੜਨਾ ਹੈ ਨਾ ਕਿ ਹਮਲਾ ਕਰਨਾ ਹੈ। ‘ਮੇਰਾ ਪਰਿਵਾਰ ਜਦੋਂ ਕਸ਼ਮੀਰ ਤੋਂ ਗੰਗਾ ਦੇ ਕੰਢੇ ਵਸੇ ਅਲਾਹਾਬਾਦ ‘ਚ ਗਿਆ ਤਾਂ ਉਨ੍ਹਾਂ ਯੂਪੀ ‘ਚ ਕਸ਼ਮੀਰੀਅਤ ਦੀ ਸੋਚ ਫੈਲਾਈ ਸੀ ਜਿਸ ਨੂੰ ਗੰਗਾ-ਯਮੁਨਾ ਤਹਿਜ਼ੀਬ ਆਖਿਆ ਜਾਂਦਾ ਹੈ।’ ਸ਼ੇਰ-ਏ-ਕਸ਼ਮੀਰ ਸਟੇਡੀਅਮ ‘ਚ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਵੰਡੀਆਂ ਪਾਉਣ ਵਾਲੀ ਸਿਆਸਤ ਦੇਸ਼ ਲਈ ਨੁਕਸਾਨਦੇਹ ਹੈ। ਪ੍ਰਿਯੰਕਾ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨੇ ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪੈਗਾਮ ਦਿੱਤਾ ਹੈ।
ਭਾਰਤ ਜੋੜੋ ਯਾਤਰਾ ਸਿਆਸਤ ਤੋਂ ਪ੍ਰੇਰਿਤ: ਭਾਜਪਾ : ਨਵੀਂ ਦਿੱਲੀ : ਭਾਜਪਾ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਗਈ ਭਾਰਤ ਜੋੜੋ ਯਾਤਰਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਸੀ ਜਿਸ ‘ਚ ਸਰਕਾਰ ਖਿਲਾਫ ਨਫ਼ਰਤ ਫੈਲਾਉਣ ਵਾਲੇ ਭਰੇ ਹੋਏ ਸਨ। ਭਾਜਪਾ ਨੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਜਿਸ ਪਾਰਟੀ ਨੇ ਦੇਸ਼ ਅਤੇ ਸਮਾਜ ਨੂੰ ਵੰਡਿਆ ਉਹ ਹੁਣ ਇਸ ਨੂੰ ਇਕਜੁੱਟ ਕਰਨ ਦੀ ਗੱਲ ਕਰ ਰਹੀ ਹੈ। ਭਾਜਪਾ ਹੈੱਡਕੁਆਰਟਰ ‘ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਯਾਤਰਾ ‘ਚ ਸ਼ਮੂਲੀਅਤ ਕਰਨ ਵਾਲੇ ਕਈ ਆਗੂਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ‘ਤੇ ਸਵਾਲ ਉਠਾਏ।
ਰੈਲੀ ‘ਚ ਕਈ ਵਿਰੋਧੀ ਧਿਰਾਂ ਦੇ ਆਗੂ ਹੋਏ ਸ਼ਾਮਲ
ਸ੍ਰੀਨਗਰ : ਭਾਰਤ ਜੋੜੋ ਯਾਤਰਾ ਦੀ ਸਮਾਪਤੀ ‘ਤੇ ਕਾਂਗਰਸ ਵੱਲੋਂ ਕੀਤੀ ਗਈ ਰੈਲੀ ‘ਚ ਵਿਰੋਧੀ ਧਿਰਾਂ ਦੇ ਕਈ ਆਗੂ ਵੀ ਸ਼ਾਮਲ ਹੋਏ। ਰੈਲੀ ‘ਚ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਸੀਪੀਆਈ ਦੇ ਡੀ ਰਾਜਾ, ਝਾਰਖੰਡ ਮੁਕਤੀ ਮੋਰਚਾ ਦੇ ਮਿਥੀਲੇਸ਼ ਕੁਮਾਰ, ਡੀਐੱਮਕੇ ਦੇ ਤਿਰੁਚੀ ਸ਼ਿਵਾ, ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਕਾਨੀ ਐੱਨ ਨਵਾਸ, ਆਰਐੱਸਪੀ ਦੇ ਐੱਨ ਪ੍ਰੇਮਚੰਦਰਨ, ਵੀਸੀਕੇ ਦੇ ਤਿਰੂਮਾਵਲਵਨ ਅਤੇ ਬਸਪਾ ਦੇ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਸ਼ਾਮਲ ਹੋਏ। ਕੁਝ ਪਾਰਟੀਆਂ ਨੇ ਪਹਿਲਾਂ ਹੀ ਰੈਲੀ ‘ਚ ਆਉਣ ਤੋਂ ਆਪਣੀ ਅਸਮਰੱਥਾ ਜਤਾ ਦਿੱਤੀ ਸੀ। ਰਾਹੁਲ ਗਾਂਧੀ ਆਪਣੀ ਭੈਣ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਇਕ-ਦੂਜੇ ‘ਤੇ ਬਰਫ਼ ਦੇ ਗੋਲੇ ਸੁੱਟਦੇ ਦਿਖਾਈ ਦਿੱਤੇ।
ਰਾਹੁਲ ‘ਚ ਦਿਖਾਈ ਦਿੱਤੀ ਆਸ ਦੀ ਕਿਰਨ: ਮਹਿਬੂਬਾ-ਉਮਰ
ਸ੍ਰੀਨਗਰ : ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ‘ਚ ਆਸ ਦੀ ਕਿਰਨ ਦਿਖਾਈ ਦਿੰਦੀ ਹੈ। ਭਾਰਤ ਜੋੜੋ ਯਾਤਰਾ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ ਦਾ ਜ਼ਿਕਰ ਕੀਤਾ। ਉਮਰ ਅਬਦੁੱਲਾ ਨੇ ਰਾਹੁਲ ਨੂੰ ਪੱਛਮ ਤੋਂ ਪੂਰਬ ਵੱਲ ਨੂੰ ਇਕ ਹੋਰ ਯਾਤਰਾ ਕਰਨ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ਉਹ ਵੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮੁਹੱਬਤ ਦਾ ਪੈਗਾਮ ਫੈਲਾਉਣ ਲਈ ਮਾਰਚ ‘ਚ ਸ਼ਾਮਲ ਹੋਣਗੇ। ਭਾਰੀ ਬਰਫ਼ਬਾਰੀ ਦੌਰਾਨ ਆਪਣੇ ਸੰਬੋਧਨ ‘ਚ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਵਾਦੀ ‘ਚ ਤਾਜ਼ੀ ਬਰਫ਼ਬਾਰੀ ਸ਼ੁੱਭ ਸੰਕੇਤ ਹੈ। ‘ਤੁਸੀਂ (ਰਾਹੁਲ) ਸ੍ਰੀਨਗਰ ‘ਚ ਬਰਫ਼ ਲਿਆਂਦੀ ਹੈ। ਅਸੀਂ ਇਸ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਬਰਫ਼ਬਾਰੀ ਨੇ ਭਾਵੇਂ ਪ੍ਰੋਗਰਾਮ ‘ਤੇ ਅਸਰ ਪਾਇਆ ਹੈ ਪਰ ਇਸ ਨੇ ਸਾਡੀ ਜ਼ਿੰਦਗੀ ‘ਚ ਨਵੀਂ ਜਾਨ ਪਾ ਦਿੱਤੀ ਹੈ।’

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …