
ਕਿਹਾ : ਟੈਰਿਫ 50 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਅਮਰੀਕਾ ਦੇ ਸਾਹਮਣੇ ਟਰੇਡ ਸਬੰਧੀ ਗੱਲਬਾਤ ਵਿਚ ਆਪਣਾ ਆਖਰੀ ਸੁਝਾਅ ਰੱਖ ਦਿੱਤਾ ਹੈ। ਭਾਰਤ ਚਾਹੁੰਦਾ ਹੈ ਕਿ ਉਸ ’ਤੇ ਲਗਾਏ ਗਏ ਕੁੱਲ 50 ਫੀਸਦੀ ਟੈਰਿਫ ਨੂੰ ਘਟਾ ਕੇ 15 ਫੀਸਦੀ ਕੀਤਾ ਜਾਏ ਅਤੇ ਰੂਸ ਕੋਲੋਂ ਕੱਚਾ ਤੇਲ ਖਰੀਦਣ ’ਤੇ ਜੋ ਵਾਧੂ 25 ਫੀਸਦੀ ਪੈਨਾਲਟੀ ਲਗਾਈ ਹੈ, ਉਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਅਮਰੀਕਾ ਅਤੇ ਭਾਰਤ ਵਿਚਾਲੇ ਚੱਲ ਰਹੀ ਇਸ ਗੱਲਬਾਤ ਨਾਲ ਨਵੇਂ ਸਾਲ ’ਚ ਕੋਈ ਠੋਸ ਹੱਲ ਨਿਕਲਣ ਦੀ ਉਮੀਦ ਹੈ। ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰਕ ਸਮਝੌਤੇ ’ਤੇ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਅਤੇ ਅਮਰੀਕਾ ਦੀਆਂ ਵਪਾਰਕ ਟੀਮਾਂ ਵਿਚਾਲੇ ਦਿੱਲੀ ’ਚ ਬੈਠਕ ਹੋਈ ਸੀ। ਭਾਰਤ ਦੇ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਸਮਝੌਤਾ ਜਲਦੀ ਹੀ ਸਿਰੇ ਚੜ੍ਹ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਨੂੰ ਲੈ ਕੇ ਕੋਈ ਤੈਅ ਸਮਾਂ ਸੀਮਾ ਨਹੀਂ ਦੱਸੀ।

