1.3 C
Toronto
Friday, November 14, 2025
spot_img
Homeਦੁਨੀਆਬੜੇ ਰੌਚਕ ਰਹੇ ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ

ਬੜੇ ਰੌਚਕ ਰਹੇ ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ

Sandalwood 16 copy copyਬਰੈਂਪਟਨ/ਬਿਊਰੋ ਨਿਊਜ਼
ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਬੀਤੇ ਐਤਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 38 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਹਿਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ ਬਾਤਾਂ ਤੋਂ ਇਲਾਵਾ ਤਾਸ਼ ਖੇਡਕੇ ਅਪਣਾ ਮਨ ਪ੍ਰਚਾਵਾ ਕਰਦੇ ਹਨ।  ਹਰ ਕਲੱਬ ਵਿਚ ਵੱਡੀ ਪੱਧਰ ਤੇ ਤਾਸ਼ ਦੀਆਂ ਬਾਜ਼ੀਆਂ ਲਗਦੀਆਂ ਹਨ।  ਪੰਜਾਬੀਆਂ ਵਿਚ ਚਲਦੀ ਸਵੀਪ ਖੇਡ ਵਿਚ ਕਈਆਂ ਦੀ ਬੜੀ ਮੁਹਾਰਤ ਬਣ ਜਾਂਦੀ ਹੈ।  ਇਹ ਖੇਡ ਦੂਸਰੀਆਂ ਖੇਡਾਂ ਨਾਲੋਂ ਯਾਦ ਸ਼ਕਤੀ ਤੇ ਜਿਆਦਾ ਨਿਰਭਰ ਹੋਣ ਕਾਰਨ, ਚੰਗਾ ਸਮਾਂ ਬਿਤਾਉਣ ਦੇ ਨਾਲ ਨਾਲ, ਬੁਢੇਪੇ ਵਿਚ ਯਾਦ ਸ਼ਕਤੀ ਘਟਣ ਦੀ ਬਿਮਾਰੀ ਨੂੰ ਕੁਝ ਹੱਦ ਤੱਕ ਦੂਰ ਰੱਖਣ ਵਿਚ ਵੀ ਸਹਾਇਕ ਹੋ ਨਿਬੜਦੀ ਹੈ।  ਰੋਜ਼ ਦੇ ਖਿਡਾਰੀ ਇਸ ਖੇਡ ਵਿਚ ਜੇਤੂ ਹੋਣਾ ਵੱਡਾ ਮਾਣ ਮੰਨਦੇ ਹਨ। ਪ੍ਰੋਗਰਾਮ ਬਾਰੇ ਬਰੈਂਪਟਨ ਵਿਚ ਛਪਦੇ ਤਕਰੀਬਨ ਸਾਰੇ ਪੰਜਾਬੀ ਅਖਬਾਰਾਂ ਵਿਚ ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦੇਣ ਕਾਰਨ, ਵੱਡੀ ਗਿਣਤੀ ਵਿਚ ਖਿਡਾਰੀ ਸਵੇਰੇ ਗਿਆਰਾਂ ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਰਜਿਸਟਰ ਕਰਨ ਉਪਰੰਤ ਸ: ਜਗਮੋਹਣ ਸਿੰਘ ਸੇਖੋਂ ਨੇ ਸਹੀ ਤਰੀਕੇ ਨਾਲ ਟਾਈਆਂ ਪਾਈਆਂ।  ਕਲਬ ਵਲੋਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਇਹ ਖਾਣ ਪੀਣ ਦਾ ਪ੍ਰੋਗਰਾਮ, ਮੁਕਾਬਲਿਆਂ ਦੇ ਨਾਲ ਨਾਲ ਚਲਦਾ ਰਿਹਾ। ਕਲੱਬ ਦੇ ਪ੍ਰਧਾਨ ਸ: ਇੰਦਰਜੀਤ ਗਰੇਵਾਲ ਵਲੋਂ ਆਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿਣ ੳਪਰੰਤ, ਮੁਕਾਬਲੇ ਸ਼ੁਰੂ ਹੋ ਗਏ।   ਪਹਿਲੇ ਗੇੜ ਵਿਚ ਇੱਕੋ ਵੇਲੇ 19 ਮੇਜ਼ਾਂ ਤੇ ਤਾਸ਼ ਦੀਆਂ ਬਾਜੀਆਂ ਚੱਲ ਪਈਆਂ।  ਤਾਸ਼ ਖੇਡਣ ਵਾਲਿਆਂ ਦੇ ਨਾਲ ਨਾਲ ਆਲੇ ਦੁਆਲੇ ਖੜ੍ਹੇ ਦਰਸ਼ਕਾਂ ਦਾ ਜੋਰ ਜਿਆਦਾ ਲਗਦਾ ਨਜ਼ਰ ਆਉਂਦਾ ਸੀ, ਜੋ ਸੁੱਟੇ ਜਾ ਰਹੇ ਇੱਕ ਇੱਕ ਪੱਤੇ ਨੂੰ ਬੜੇ ਗਹੁ ਨਾਲ ਵੇਖਦੇ ਸਨ।  ਮਨੋਹਰ ਸਿੰਘ ਸੈਨੀ, ਸ: ਤੇਜਾ ਸਿੰਘ ਤੇ ਅਵਨਾਸ਼ ਭਰਦਵਾਜ ਦੀ ਪੜਤਾਲਵੀ ਨਿਗਾਹ ਸਾਰੇ ਮੇਜ਼ਾਂ ਤੇ ਰਹੀ ਤਾਂ ਕਿ ਕੋਈ ਦਰਸ਼ਕ ਜਾਂ ਖਿਡਾਰੀ, ਇਸ਼ਾਰੇ ਨਾਲ ਅਪਣੇ ਸਾਥੀ ਨੂੰ ਜਾਣਕਾਰੀ ਨਾ ਦੇ ਸਕੇ।  ਪਰ ਉਨ੍ਹਾਂ ਨੂੰ ਕਿਸੇ ਨੂੰ ਵੀ ਟੋਕਣ ਦੀ ਲੋੜ ਮਹਿਸੂਸ ਨਾਂ ਹੋਈ, ਕਿਉਂਕਿ ਸਾਰੇ ਖਿਡਾਰੀ ਸਾਫ਼ ਸੁਥਰੀ ਗੇਮ ਹੀ ਖੇਡ ਰਹੇ ਸਨ।  ਪਹਿਲੇ ਗੇੜਾਂ ਦੇ ਮੁੱਕਣ ਬਾਅਦ ਜੇਤੂ ਟੀਮਾਂ ਵਿਚਕਾਰ ਅੱਗੇ ਮੁਕਾਬਲੇ ਹੁੰਦ ਗਏ ਅਤੇ ਆਖਿਰ ਵਿਚ ਤਿੰਨ ਜੇਤੂ ਟੀਮਾਂ ਦੀ ਚੋਣ ਹੋ ਗਈ। ਤਕਰੀਬਨ 6 ਘੰਟੇ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਤ੍ਰਿਲੋਕ ਸਿੰਘ ਤੇ ਬੂਟਾ ਸਿੰਘ ਦੀ ਟੀਮ ਪਹਿਲੇ ਨੰਬਰ ਤੇ, ਸਾਹਿਬ ਸਿੰਘ ਤੇ ਰਘਬੀਰ ਸਿੰਘ ਦੂਜੇ ਅਤੇ ਲਾਭ ਸਿੰਘ ਗਰਚਾ ਤੇ ਗੁਰਮੀਤ ਸਿੰਘ ਦੀ ਟੀਮ ਤੀਜੇ ਨੰਬਰ ਤੇ ਰਹੀਆਂ। ਜੇਤੂ ਟੀਮਾਂ ਨੂੰ ਦਰਸ਼ਨ ਸਿੰਘ ਦਰਾੜ (ਸਹਾਇਕ ਸਕੱਤਰ) ਨੇ ਇਨਾਮ ਵਜੋਂ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ।  ਜੇਤੂ ਟੀਮਾਂ ਦੇ ਚਿਹਰਿਆਂ ਤੇ ਅੰਤਾਂ ਦੀ ਰੌਣਕ ਸੀ ਅਤੇ ਕੱਪ ਲਈ ਜਾਂਦੇ ਬਾਬੇ ਬੜੇ ਖੁਸ਼ ਨਜ਼ਰ ਆ ਰਹੇ ਸਨ।  ਆਖਿਰ ਵਿਚ ਰਣਜੀਤ ਸਿੰਘ (ਮੀਤ ਪ੍ਰਧਾਨ) ਵਲੋਂ ਆਈਆਂ ਟੀਮਾਂ ਦਾ ਧੰਨਵਾਦ ਕਰਨ ਕੀਤਾ ਗਿਆ।

RELATED ARTICLES
POPULAR POSTS