ਹੁਕਮਅਦੂਲੀ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੀ ਚਿਤਾਵਨੀ
ਕਾਬੁਲ/ਬਿਊਰੋ ਨਿਊਜ਼ : ਤਾਲਿਬਾਨ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਸਾਰੀ ਕੌਮੀ ਤੇ ਵਿਦੇਸ਼ੀ ਗੈਰ-ਸਰਕਾਰੀ ਸਮੂਹਾਂ (ਐੱਨਜੀਓਜ਼) ਨੂੰ ਬੰਦ ਕਰ ਦੇਵੇਗਾ। ਤਾਲਿਬਾਨ ਨੇ ਦੋ ਸਾਲ ਪਹਿਲਾਂ ਸਾਰੀਆਂ ਐੱਨਜੀਓਜ਼ ਨੂੰ ਅਫ਼ਗਾਨੀ ਔਰਤਾਂ ਨੂੰ ਰੁਜ਼ਗਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਉਸ ਦਾ ਇਹ ਕਦਮ ਸਾਹਮਣੇ ਆਇਆ ਹੈ। ਤਾਲਿਬਾਨ ਨੇ ਇਹ ਕਦਮ ਕਥਿਤ ਤੌਰ ‘ਤੇ ਇਸ ਵਾਸਤੇ ਉਠਾਇਆ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਔਰਤਾਂ ਇਸਲਾਮੀ ਹਿਜਾਬ ਸਹੀ ਤਰੀਕੇ ਨਾਲ ਨਹੀਂ ਪਹਿਨਦੀਆਂ ਹਨ। ਐਤਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤੇ ਗਏ ਇਕ ਪੱਤਰ ਵਿੱਚ ਵਿੱਤ ਮੰਤਰਾਲੇ ਨੇ ਚਿਤਾਵਨੀ ਦਿੱਤੀ ਕਿ ਹਾਲ ਵਿੱਚ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਅਜਿਹੀਆਂ ਐੱਨਜੀਓਜ਼ ਨੂੰ ਅਫ਼ਗਾਨਿਸਤਾਨ ਵਿੱਚ ਕੰਮ ਕਰਨ ਦਾ ਲਾਇਸੈਂਸ ਗੁਆਉਣਾ ਪਵੇਗਾ। ਮੰਤਰਾਲੇ ਨੇ ਕਿਹਾ ਕਿ ਉਹ ਕੌਮੀ ਤੇ ਵਿਦੇਸ਼ੀ ਸੰਗਠਨਾਂ ਦੀ ਰਜਿਸਟਰੇਸ਼ਨ, ਤਾਲਮੇਲ, ਅਗਵਾਈ ਅਤੇ ਉਨ੍ਹਾਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਜ਼ਿੰਮੇਵਾਰ ਹੈ। ਪੱਤਰ ਮੁਤਾਬਕ, ਸਰਕਾਰ ਇਕ ਵਾਰ ਮੁੜ ਤੋਂ ਤਾਲਿਬਾਨ ਦੇ ਕੰਟਰੋਲ ਤੋਂ ਬਾਹਰੀਆਂ ਸੰਸਥਾਵਾਂ ਵਿੱਚ ਔਰਤਾਂ ਦੇ ਹਰੇਕ ਤਰ੍ਹਾਂ ਦੇ ਕੰਮਕਾਜ ਨੂੰ ਬੰਦ ਕਰਨ ਦਾ ਹੁਕਮ ਦਿੰਦੀ ਹੈ।