6.9 C
Toronto
Friday, November 7, 2025
spot_img
Homeਦੁਨੀਆਕਿਸਾਨੀ ਸੰਘਰਸ਼ ਵੱਲ ਅਮਰੀਕੀ ਵਿਦੇਸ਼ ਮੰਤਰੀ ਦਾ ਇਸ਼ਾਰਾ

ਕਿਸਾਨੀ ਸੰਘਰਸ਼ ਵੱਲ ਅਮਰੀਕੀ ਵਿਦੇਸ਼ ਮੰਤਰੀ ਦਾ ਇਸ਼ਾਰਾ

ਹਰ ਨਾਗਰਿਕ ਨੂੰ ਸਰਕਾਰ ਕੋਲ ਆਪਣਾ ਪੱਖ ਰੱਖਣ ਦਾ ਹੱਕ : ਬਲਿੰਕਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਦੌਰੇ ‘ਤੇ ਪਹੁੰਚੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਵਿਚ ਕਿਹਾ ਕਿ ਹਰ ਨਾਗਰਿਕ ਨੂੰ ਸਰਕਾਰ ਕੋਲ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦਾ ਹੱਕ ਹੈ, ਫੇਰ ਚਾਹੇ ਉਹ ਕੋਈ ਵੀ ਹੋਵੇ ਉਸ ਦਾ ਸਤਿਕਾਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਲੋਕਤੰਤਰਿਕ ਮੁਲਕਾਂ ਦਾ ਇਹੀ ਸਿਧਾਂਤਕ ਅਧਾਰ ਹੈ। ਬਲਿੰਕਨ ਨੇ ਕਿਹਾ ਕਿ ਭਾਰਤੀ ਤੇ ਅਮਰੀਕੀ ਇੱਜ਼ਤ ਨਾਲ ਜਿਊਣ, ਸਿਧਾਂਤਕ ਤੇ ਧਾਰਮਿਕ ਆਜ਼ਾਦੀ, ਬਰਾਬਰੀ ਦੇ ਮੌਕਿਆਂ, ਕਾਨੂੰਨ ਦੇ ਰਾਜ ਵਿਚ ਡੂੰਘਾ ਯਕੀਨ ਰੱਖਦੇ ਹਨ। ਭਾਰਤ ਪਹੁੰਚਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਸਮਾਗਮ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਇਕੋ ਜਿਹੀ ਹੈ। ਇਹੀ ਸਾਡੇ ਰਿਸ਼ਤਿਆਂ ਦਾ ਆਧਾਰ ਵੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹੀ ਕਦਰਾਂ-ਕੀਮਤਾਂ ਭਾਰਤ ਦੇ ਬਹੁਲਵਾਦੀ ਸਮਾਜਿਕ ਤਾਣੇ-ਬਾਣੇ ਨੂੰ ਦਰਸਾਉਂਦੀਆਂ ਹਨ। ਸਦਭਾਵਨਾ ਦੀ ਝਲਕ ਵੀ ਇਸ ਵਿਚੋਂ ਦਿਖਦੀ ਹੈ। ਸਿਵਲ ਸੁਸਾਇਟੀ ਹੀ ਸਫ਼ਲ ਲੋਕਤੰਤਰਾਂ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੀ ਹੈ, ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਸ਼ਕਲ ਦਿੰਦੀ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਫ਼ਲ ਲੋਕਤੰਤਰਾਂ ਦਾ ਅਧਾਰ ‘ਪੁੰਗਰ’ ਰਹੀਆਂ ਸਿਵਲ ਸੁਸਾਇਟੀਆਂ ਹਨ।
ਬਲਿੰਕਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਾਂਝੀਆਂ ਕਦਰਾਂ-ਕੀਮਤਾਂ ਨਾਲ ਡੂੰਘੇ ਪੱਧਰ ਉਤੇ ਜੁੜੇ ਹੋਏ ਹਨ। ਦੋਵਾਂ ਮੁਲਕਾਂ ਦਾ ਰਿਸ਼ਤਾ ਪੂਰੇ ਸੰਸਾਰ ਵਿਚ ਸਭ ਤੋਂ ਵੱਧ ਮਹੱਤਵਪੂਰਨ ਹੈ। ਸਿਵਲ ਸੁਸਾਇਟੀ ਵੱਲੋਂ ਹਿੱਸਾ ਲੈਣ ਵਾਲੇ ਇਕ ਮੈਂਬਰ ਨੇ ਦੱਸਿਆ ਕਿ ਇਸ ਮੁਲਾਕਾਤ ‘ਚ ਕਿਸਾਨ ਸੰਘਰਸ਼, ਮੀਡੀਆ ਦੀ ਆਜ਼ਾਦੀ, ਨਾਗਰਿਕਤਾ ਸੋਧ ਬਿੱਲ, ਘੱਟ ਗਿਣਤੀਆਂ ਦੇ ਹੱਕਾਂ ਤੇ ਚੀਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਮੁੱਦੇ ਉੱਭਰ ਕੇ ਸਾਹਮਣੇ ਆਏ। ਵਿਦੇਸ਼ ਮੰਤਰੀ ਨਾਲ ਸੱਤ ਸਿਵਲ ਸੁਸਾਇਟੀ ਮੈਂਬਰਾਂ ਨੇ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਦਲਾਈ ਲਾਮਾ ਦਾ ਪ੍ਰਤੀਨਿਧੀ ਵੀ ਸ਼ਾਮਲ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਇਸ ਮੌਕੇ ਪੂਰੇ ਸੰਸਾਰ ਵਿਚ ਲੋਕਤੰਤਰ ਤੇ ਆਜ਼ਾਦੀ ਲਈ ਬਣੇ ਖ਼ਤਰਿਆਂ ਦੀ ਗੱਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਆਦਰਸ਼ਾਂ ਦੇ ਹੱਕ ਵਿਚ ਖੜ੍ਹਨ। ਬਲਿੰਕਨ ਨੇ ਕਿਹਾ ਕਿ ਅਮਰੀਕੀ ਲੋਕਤੰਤਰ ਵੀ ਵਿਕਾਸ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਿੰਕਨ ਦੀ ਯਾਤਰਾ ਤੋਂ ਪਹਿਲਾਂ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਸੀ ਕਿ ਉਹ ਭਾਰਤ ਵਿਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਉਣਗੇ।

RELATED ARTICLES
POPULAR POSTS