Breaking News
Home / ਦੁਨੀਆ / ਪ੍ਰਧਾਨ ਮੰਤਰੀ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ

ਪ੍ਰਧਾਨ ਮੰਤਰੀ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ

ਕਿਹਾ, 2012 ਦੇ ਨੇੜੇ-ਤੇੜੇ ਕਾਂਗਰਸ ‘ਚ ਆ ਗਿਆ ਸੀ ਹੰਕਾਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ‘ਚ ਕਿਹਾ ਕਿ ਭਾਰਤ ਵਿਚ ਰਾਜਨੀਤੀ ਤੋਂ ਲੈ ਕੇ ਕਾਰੋਬਾਰ ਤੱਕ ਵੰਸ਼ਵਾਦ ਚਲਦਾ ਹੈ ਅਤੇ ਖ਼ਾਨਦਾਨ ਤੋਂ ਜ਼ਿਆਦਾ ਅਹਿਮ ਕਿਸੇ ਸ਼ਖ਼ਸ ਦੀ ਕਾਬਲੀਅਤ ਹੁੰਦੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਵਿਰੁੱਧ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਜੰਮੂ ਕਸ਼ਮੀਰ ਵਿਚ ਅੱਤਵਾਦ ਲਈ ਜਗ੍ਹਾ ਪੈਦਾ ਕਰ ਰਹੇ ਹਨ ਅਤੇ ਅਰਥਵਿਵਸਥਾ ਬਰਬਾਦ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਵੀ ਆਲੋਚਨਾ ਕੀਤੀ।ઠ
ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ਤਾਂ ਉਹ ਇਸ ਲਈ ‘ਪੂਰੀ ਤਰ੍ਹਾਂ ਤਿਆਰ’ ਹਨ। ਬਾਰਕਲੇ ਵਿਖੇ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਦੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2012 ਦੇ ਨੇੜੇ-ਤੇੜੇ ਕਾਂਗਰਸ ਪਾਰਟੀ ਨੇ ‘ਲੋਕਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿਤੀ ਸੀ।’ ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਪਾਰਟੀ ਨਾਲ ਹੋ ਸਕਦਾ ਹੈ ਜੋ 10 ਸਾਲ ਤੋਂ ਸੱਤਾ ਵਿਚ ਹੋਵੇ। ਰਾਹੁਲ ਗਾਂਧੀ ਨੇ ਕਿਹਾ, ‘ਅਸੀਂ ਸਾਲ 2004 ਵਿਚ ਜੋ ਯੋਜਨਾ ਬਣਾਈ ਸੀ, ਉਹ 10 ਸਾਲ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਸੀ ਅਤੇ ਇਸ ਨੇ 2010-11 ਵਿਚ ਆਉਂਦੇ ਆਉਂਦੇ ਕੰਮ ਕਰਨਾ ਬੰਦ ਕਰ ਦਿਤਾ।’
ਸਾਰਾ ਦੇਸ਼ ਹੀ ਵੰਸ਼ਵਾਦ ਨਾਲ ਚਲਦੈ : ਇਹ ਪੁੱਛੇ ਜਾਣ ‘ਤੇ ਕਿ ਕੀ ਕਾਂਗਰਸ ਪਾਰਟੀ ਵੰਸ਼ਵਾਦ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੀ ਹੈ ਤਾਂ ਰਾਹੁਲ ਨੇ ਤਰਕ ਦਿੰਦਿਆਂ ਕਿਹਾ ਕਿ ਭਾਰਤ ਨੂੰ ਵੰਸ਼ ਚਲਾ ਰਹੇ ਹਨ। ਉਨ੍ਹਾਂ ਕਿਹਾ, ‘ਭਾਰਤ ਵਿਚ ਬਹੁਤੀਆਂ ਪਾਰਟੀਆਂ ਵਿਚ ਇਹ ਸਮੱਸਿਆ ਹੈ। ઠਅਖਿਲੇਸ਼ ਯਾਦਵ ਵੰਸ਼ ਦੇ ਵਾਰਸ ਹਨ। ਸਟਾਲਿਨ ਇਕ ਵੰਸ਼ ਦਾ ਵਾਰਸ ਹੈ। ਇਥੋਂ ਤਕ ਕਿ ਅਭਿਸ਼ੇਕ ਬੱਚਨ ਵੀ ਇਕ ਵੰਸ਼ ਦਾ ਵਾਰਸ ਹੈ। ਭਾਰਤ ਇਸੇ ਤਰ੍ਹਾਂ ਚਲਦਾ ਹੈ। ਇਸ ਲਈ ਮੇਰੇ ਪਿੱਛੇ ਨਾ ਪਵੋ ਕਿਉਂਕਿ ਭਾਰਤ ਇਸੇ ਤਰ੍ਹਾਂ ਚਲਦਾ ਹੈ।
ਮੋਦੀ ਮੇਰੇ ਨਾਲੋਂ ਚੰਗੇ ਬੁਲਾਰੇ : ਰਾਹੁਲ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ, ‘ਮੋਦੀ ਚੰਗੇ ਬੁਲਾਰੇ ਹਨ, ਚੰਗੇ ਕਮਿਊਨੀਕੇਟਰ ਹਨ। ਮੇਰੇ ਨਾਲੋਂ ਕਾਫ਼ੀ ਚੰਗੇ ਹਨ। ਉਹ ਸੱਭ ਜਾਣਦੇ ਹਨ ਕਿ ਭੀੜ ਵਿਚ ਜਿਹੜੇ ਤਿੰਨ-ਚਾਰ ਅਲੱਗ ਸਮੂਹ ਹਨ, ਉਨ੍ਹਾਂ ਤੱਕ ਸੰਦੇਸ਼ ਕਿਵੇਂ ਪਹੁੰਚਾਇਆ ਜਾਵੇ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਸੰਦੇਸ਼ ਬਹੁਤੇ ਲੋਕਾਂ ਤੱਕ ਪਹੁੰਚ ਜਾਂਦਾ ਹੈ।’
ਸਿੱਖ ਵਿਰੋਧੀ ਕਤਲੇਆਮ ਦੀ ਕੀਤੀ ਨਿੰਦਾ
ਰਾਹੁਲ ਨੇ 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵੇਗਾ। ਭਾਰਤ ਦੀ ਪਛਾਣ ਅਹਿੰਸਾ ਦੀ ਹੈ ਅਤੇ ਇਸੇ ਰਸਤੇ ‘ਤੇ ਚੱਲ ਕੇ ਦੇਸ਼ ਅੱਗੇ ਵਧਿਆ ਹੈ। ਰਾਹੁਲ ਨੇ 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ। ਆਪਣੀ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਸਬੰਧੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਮੇਰੀ ਦਾਦੀ ਸਿੱਖਾਂ ਨੂੰ ਆਪਣਾ ਮੰਨਦੀ ਸੀ। ਜਦੋਂ ਚੋਣ ਹਾਰ ਗਏ ਸੀ ਤਾਂ ਵੀ ਸਾਡੇ ਘਰ ਦੇ ਚਾਰੇ ਪਾਸੇ ਸਿੱਖ ਹੀ ਰਹਿੰਦੇ ਸਨ। ਰਾਹੁਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ ਹੋਣੀ ਗ਼ਲਤ ਗੱਲ ਹੈ। ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ।
ਅਮਰੀਕਾ ‘ਚ ਸਿੱਖ ਭਾਈਚਾਰੇ ਵਲੋਂ ਰਾਹੁਲ ਗਾਂਧੀ ਖਿਲਾਫ ਪ੍ਰਦਰਸ਼ਨ
ਬਰਕਲੇ : ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਰਾਹੁਲ ਗਾਂਧੀ ਨੂੰ 1984 ਵਿਚ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਸਮੇਂ ਅੰਤਰਰਾਸ਼ਟਰੀ ਹਾਊਸ ਬਾਹਰ ਸਿੱਖ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਅੰਦਰ ਮੇਜ਼ਬਾਨ ਨੇ ਰਾਹੁਲ ਤੋਂ ਇਸ ਸਬੰਧੀ ਸਵਾਲ ਕੀਤਾ, ਜਿਸ ਦੇ ਜਵਾਬ ਵਿਚ ਰਾਹੁਲ ਨੇ ਕਿਹਾ ਕਿ ਮੈਂ ਸਿੱਖ ਭਾਈਚਾਰੇ ਨਾਲ ਪਿਆਰ ਕਰਦਾ ਹਾਂ, ਮੈਂ ਸਮਝ ਸਕਦਾ ਹਾਂ ਕਿ ਹਿੰਸਾ ਕੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਿੰਸਾ ਕੌਣ ਕਰ ਰਿਹਾ ਹੈ, ਕਿਸੇ ਦੇ ਖਿਲਾਫ ਕੀਤੀ ਗਈ ਹਿੰਸਾ ਗਲਤ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ। ਮੈਂ ਹਿੰਸਾ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਸਮਰਥਨ ਕਰਦਾ ਹਾਂ। ਅਸਲ ਵਿਚ ਮੈਂ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ।

 

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …