ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ
ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ ਤੋਹਫੇ ਵਿੱਚ ਦਿੱਤੇ ਗਏ ਮਹਾਤਮਾ ਗਾਂਧੀ ਦੇ ਆਦਮਕੱਦ ਕਾਂਸੀ ਦੇ ਬੁੱਤ ਦੀ ਆਸਟਰੇਲੀਆ ਦੇ ਮੈਲਬਰਨ ਵਿਚ ਭੰਨਤੋੜ ਹੋਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਸ ਘਟਨਾ ਨੂੰ ‘ਸ਼ਰਮਨਾਕ’ ਦੱਸਦਿਆਂ ਇਸਦੀ ਨਿਖੇਧੀ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ-ਆਸਟਰੇਲਿਆਈ ਭਾਈਚਾਰੇ ਵਿੱਚ ਨਿਰਾਸ਼ਾ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਇੱਕ ਸਮਾਗਮ ਮੌਕੇ ਭਾਰਤ ਦੇ ਕੌਂਸਲ ਜਨਰਲ ਰਾਜਕੁਮਾਰ ਅਤੇ ਆਸਟਰੇਲੀਆ ਦੇ ਕਈ ਨੇਤਾਵਾਂ ਨਾਲ ਰੌਵਿਲੇ ਅੰਦਰ ਆਸਟਰੇਲਿਆਈ-ਭਾਰਤੀ ਕਮਿਊਨਿਟੀ ਸੈਂਟਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਇਸ ਤੋਂ ਬਾਅਦ ਭੰਨਤੋੜ ਦੀ ਘਟਨਾ ਵਾਪਰੀ। ਮੌਰੀਸਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਪੱਧਰ ਦਾ ਨਿਰਾਦਰ ਦੇਖਣਾ ਸ਼ਰਮਨਾਕ ਅਤੇ ਬੇਹੱਦ ਨਿਰਾਸ਼ਜਨਕ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਵਿਰਾਸਤੀ ਯਾਦਗਾਰਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੇ ਆਸਟਰੇਲਿਆਈ-ਭਾਰਤੀ ਭਾਈਚਾਰੇ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਅਤੇ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਬੁੱਤ ਭਾਰਤ ਸਰਕਾਰ ਵੱਲੋਂ ਤੋਹਫੇ ਵਜੋਂ ਦਿੱਤਾ ਗਿਆ ਸੀ। ਦੂਜੇ ਪਾਸੇ ਭਾਰਤੀ ਭਾਈਚਾਰੇ ਨੇ ਘਟਨਾ ‘ਤੇ ਦੁੱਖ ਜਤਾਉਂਦਿਆਂ ਇਸ ਨੂੰ ‘ਹੇਠਲੇ ਪੱਧਰ ਦੀ ਹਰਕਤ’ ਕਰਾਰ ਦਿੱਤਾ ਹੈ।