Breaking News
Home / ਦੁਨੀਆ / ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼

ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼

ਬੀਜਿੰਗ/ਬਿਊਰੋ ਨਿਊਜ਼ : ਚੀਨ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਵਿਸ਼ਵ ਪੱਧਰੀ ਆਮਦਨ ਵਿਚ 60 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਰੱਖਣ ਵਾਲੇ 10 ਦੇਸ਼ਾਂ ਦੀਆਂ ਬੈਲੇਂਸਸ਼ੀਟ ‘ਤੇ ਨਜ਼ਰ ਰੱਖਣ ਵਾਲੀ ਕੰਸਲਟੈਂਟ ਮੈਕਿੰਜੀ ਐਂਡ ਕੰਪਨੀ ਦੀ ਰਿਸਰਚ ਸ਼ਾਖਾ ਦੀ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿਚ ਦੁਨੀਆ ਦੀ ਜਾਇਦਾਦ ਤਿੰਨ ਗੁਣਾ ਵਧੀ ਹੈ। ਇਨ੍ਹਾਂ ਜਾਇਦਾਦਾਂ ਵਿਚ ਚੀਨ ਦੀ ਹਿੱਸੇਦਾਰੀ ਇਕ ਤਿਹਾਈ ਹੈ। ਰਿਪੋਰਟ ਅਨੁਸਾਰ ਸਾਲ 2000 ਵਿਚ ਜਿੱਥੇ ਦੁਨੀਆ ਭਰ ਦੀ ਜਾਇਦਾਦ 156 ਟ੍ਰਿਲੀਅਨ ਡਾਲਰ ਸੀ। ਉੱਥੇ 2020 ਵਿਚ ਇਹ ਵਧ ਕੇ 514 ਟ੍ਰਿਲੀਅਨ ਡਾਲਰ ਹੋ ਗਈ। ਚੀਨ ਦੀ ਜਾਇਦਾਦ ਵਿਚ ਜ਼ਬਰਦਸਤ ਇਜਾਫਾ ਹੋਇਆ ਹੈ। ਸਾਲ 2000 ਵਿਚ ਉਸ ਦੀ ਜਾਇਦਾਦ ਕੇਵਲ 7 ਟ੍ਰਿਲੀਅਨ ਡਾਲਰ ਸੀ ਅਤੇ 2020 ਤੱਕ ਵਧ ਕੇ 120 ਟ੍ਰਿਲੀਅਨ ਡਾਲਰ ਤੱਕ ਪੁੱਜ ਗਈ ਹੈ। ਦੂਸਰੇ ਪਾਸੇ ਦੂਸਰੇ ਨੰਬਰ ‘ਤੇ ਆ ਚੁੱਕੇ ਅਮਰੀਕਾ ਦੀ ਜਾਇਦਾਦ 20 ਸਾਲਾਂ ਵਿਚ ਦੋਗੁਣੀ ਹੋਈ ਹੈ। ਸਾਲ 2020 ਵਿਚ ਅਮਰੀਕੀ ਜਾਇਦਾਦ 90 ਟ੍ਰਿਲੀਅਨ ਡਾਲਰ ਤੱਕ ਪੁੱਜ ਗਈ। ਰਿਪੋਰਟ ਅਨੁਸਾਰ ਅਮਰੀਕਾ ਵਿਚ ਜਾਇਦਾਦ ਦੇ ਭਾਅ ਵਿਚ ਬਹੁਤ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀ ਜਾਇਦਾਦ ਚੀਨ ਦੇ ਮੁਕਾਬਲੇ ਘੱਟ ਰਹੀ ਅਤੇ ਉਸ ਨੂੰ ਦੂਸਰੇ ਨੰਬਰ ‘ਤੇ ਜਾਣਾ ਪਿਆ। ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਚੀਨ ਅਤੇ ਅਮਰੀਕਾ ਵਿਚ ਧਨ ਦਾ ਵੱਡਾ ਹਿੱਸਾ ਕੇਵਲ ਕੁਝ ਅਮੀਰ ਲੋਕਾਂ ਤੱਕ ਹੀ ਸੀਮਤ ਹੈ। ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਵਿਚ ਕੇਵਲ 10 ਫੀਸਦੀ ਆਬਾਦੀ ਕੋਲ ਜਾਇਦਾਦ ਦਾ ਦੋ ਤਿਹਾਈ ਹਿੱਸਾ ਹੈ ਅਤੇ ਇਨ੍ਹਾਂ ਦੇ ਸ਼ੇਅਰ ਲਗਾਤਾਰ ਵਧ ਰਹੇ ਹਨ। ਮੈਕਿੰਜੀ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਦਾ 68 ਫੀਸਦੀ ਪੈਸਾ ਰਿਅਲ ਅਸਟੇਟ ਵਿਚ ਲੱਗਿਆ ਹੋਇਆ ਹੈ। ਦੂਜੇ ਪਾਸੇ ਬਾਕੀ ਦੀ ਜਾਇਦਾਦ ਵਿਚ ਬੁਨਿਆਦੀ ਢਾਂਚਾ, ਮਸ਼ੀਨਰੀ ਅਤੇ ਉਪਕਰਨ ਵਰਗੀਆਂ ਚੀਜ਼ਾਂ ਸ਼ਾਮਿਲ ਹਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …