
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਈਕਰੋਸਾਫਟ ਦੀਆਂ ਦਫਤਰੀ ਸੇਵਾਵਾਂ, ਆਊਟਲੁੱਕ ਅਤੇ ਟੀਮਜ਼ ਸਮੇਤ ਕਈ ਐਪਲੀਕੇਸ਼ਨਾਂ ਵਿਚ ਆਇਆ ਵਿਸ਼ਵ ਵਿਆਪੀ ਵਿਘਨ ਅੱਜ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਜਿਸ ਕਾਰਨ ਭਾਰਤ ਸਣੇ ਦੁਨੀਆਂ ਭਰ ਦੇ ਲੱਖਾਂ ਵਰਤੋਂਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਤਕਨੀਕੀ ਖਰਾਬੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਫਿਲਹਾਲ ਇਸ ਪਿੱਛੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਾਂ ਸਾਈਬਰ ਹਮਲੇ ਵਰਗੀ ਗਤੀਵਿਧੀ ਦਾ ਕੋਈ ਸੁਰਾਗ ਨਹੀਂ ਮਿਲਿਆ। ਭਾਰਤ ਵਿਚ ਇਸ ਤਕਨੀਕੀ ਵਿਘਨ ਦਾ ਸਿੱਧਾ ਅਸਰ ਹਵਾਬਾਜ਼ੀ ਖੇਤਰ ’ਤੇ ਵੀ ਦੇਖਣ ਨੂੰ ਮਿਲਿਆ। ਪ੍ਰਮੁੱਖ ਏਅਰਲਾਈਨ ‘ਇੰਡੀਗੋ’ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਈਕਰੋਸਾਫਟ ਸੇਵਾਵਾਂ ਠੱਪ ਹੋਣ ਕਾਰਨ ਉਸ ਦੀਆਂ ਈਮੇਲ ਸਹਾਇਤਾ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਹ ਵੀ ਦੱਸਿਆ ਗਿਆ ਕਿ ਈਮੇਲ ਨਾਲ ਜੁੜੀਆਂ ਸੇਵਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ।

