4.9 C
Toronto
Wednesday, November 19, 2025
spot_img
Homeਭਾਰਤਭਾਰਤੀ ਨਾਗਰਿਕਤਾ ਲਈ ਸਰਕਾਰ ਨੇ ਪੋਰਟਲ ਕੀਤਾ ਲਾਂਚ

ਭਾਰਤੀ ਨਾਗਰਿਕਤਾ ਲਈ ਸਰਕਾਰ ਨੇ ਪੋਰਟਲ ਕੀਤਾ ਲਾਂਚ

ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਸ਼ਰਨਾਰਥੀ ਕਰ ਸਕਣਗੇ ਅਪਲਾਈ
ਨਵੀਂ ਦਿੱਲੀ : ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ (ਸੀਸੀਏ) ਦੇ ਤਹਿਤ ਭਾਰਤੀ ਨਾਗਰਿਕਤਾ ਦੇ ਲਈ ਗ੍ਰਹਿ ਮੰਤਰਾਲੇ ਨੇ ਵੈਬ ਪੋਰਟਲ ਲਾਂਚ ਕੀਤਾ ਹੈ। ਇਸ ਦੇ ਚੱਲਦਿਆਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਗੈਰ-ਮੁਸਲਿਮ ਸ਼ਰਨਾਰਥੀਆਂ ਤੋਂ ਨਾਗਰਿਕਤਾ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸੇ ਤਹਿਤ 31 ਦਸੰਬਰ 2014 ਤੋਂ ਪਹਿਲਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਅਤੇ ਇਸਾਈ ਭਾਈਚਾਰੇ ਦੇ ਵਿਅਕਤੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਸੀਏਏ ਤਹਿਤ ਨਾਗਰਿਕਤਾ ਦੇ ਲਈ https://indiancitizenshiponline.nic.in/ ‘ਤੇ ਅਪਲਾਈ ਕਰਨਾ ਹੋਵੇਗਾ। ਇਸ ਵਿਚ ਇਹ ਵੀ ਦੱਸਣਾ ਹੋਵੇਗਾ ਕਿ ਉਹ ਕਿਸ ਸਾਲ ਭਾਰਤ ਆਏ ਸਨ। ਦੂਜੇ ਪਾਸੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਸੀਏਏ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ।
ਪਟੀਸ਼ਨ ਵਿਚ ਸਿਟੀਜਨਸ਼ਿਪ ਅਮੈਂਡਮੈਂਟ ਐਕਟ 2019 ਅਤੇ ਸਿਟੀਜਨਸ਼ਿਪ ਅਮੈਂਡਮੈਂਟ ਰੂਲਜ਼ 2024 ਦੀਆ ਵਿਵਾਦਿਤ ਵਿਵਸਥਾਵਾਂ ਨੂੰ ਲਾਗੂ ਕਰਨ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
ਸੀਏਏ ਬਿਨੈਕਾਰ ਪੁਰਾਣੀ ਨਾਗਰਿਕਤਾ ਸਾਬਤ ਕਰਨ ਲਈ ਦੇ ਸਕਦੇ ਹਨ ਨੌਂ ‘ਚੋਂ ਕੋਈ ਇੱਕ ਦਸਤਾਵੇਜ਼
ਸੀਏਏ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਖੁਦ ਕੋਲ ਅਫ਼ਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਦੀ ਨਾਗਰਿਕਤਾ ਹੋਣ ਬਾਰੇ ਵੈਲਿਡ ਜਾਂ ਮਿਆਦ ਪੁਗਾ ਚੁੱਕੇ ਪਾਸਪੋਰਟ, ਆਈਡੀ ਕਾਰਡ ਤੇ ਜ਼ਮੀਨੀ ਰਿਕਾਰਡ ਸਣੇ ਕੁੱਲ 9 ਦਸਤਾਵੇਜ਼ਾਂ ਵਿਚੋਂ ਕੋਈ ਇਕ ਆਪਣੀ ਅਰਜ਼ੀ ਨਾਲ ਨੱਥੀ ਕਰ ਸਕਦੇ ਹਨ। ਜਾਰੀ ਸੀਏਏ ਨੇਮਾਂ ਮੁਤਾਬਕ ਬਿਨੈਕਾਰ 31 ਦਸੰਬਰ 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਵਿਚ ਆਪਣੇ ਦਾਖਲੇ ਸਬੰਧੀ ਦਾਅਵੇ ਨੂੰ ਸਾਬਤ ਕਰਨ ਲਈ ਵੀਜ਼ੇ ਦੀ ਕਾਪੀ ਤੇ ਭਾਰਤ ਪਹੁੰਚਣ ‘ਤੇ ਇਮੀਗ੍ਰੇਸ਼ਨ ਦੀ ਸਟੈਂਪ, ਕਿਸੇ ਪੇਂਡੂ ਜਾਂ ਸ਼ਹਿਰੀ ਸੰਸਥਾ ਦੇ ਚੁਣੇ ਹੋਏ ਮੈਂਬਰ ਜਾਂ ਮਾਲੀਆ ਅਧਿਕਾਰੀ ਵੱਲੋਂ ਜਾਰੀ ਸਰਟੀਫਿਕੇਟ ਸਣੇ 20 ਦਸਤਾਵੇਜ਼ਾਂ ਵਿਚੋਂ ਕੋਈ ਇਕ ਸਬੂਤ ਨੱਥੀ ਕਰ ਸਕਦਾ ਹੈ।
ਨੇਮ ਇਹ ਵੀ ਕਹਿੰਦੇ ਹਨ ਕਿ ਬਿਨੈਕਾਰ ਨੂੰ ਸਥਾਨਕ ਨਾਮਵਰ ਭਾਈਚਾਰਕ ਸੰਸਥਾ ਤੋਂ ਇਸ ਗੱਲ ਦੀ ਤਸਦੀਕ ਕਰਵਾਉਣੀ ਹੋਵੇਗੀ ਕਿ ਉਹ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਜਾਂ ਈਸਾਈ ਭਾਈਚਾਰੇ ‘ਚੋਂ ਕਿਸੇ ਇਕ ਨਾਲ ਸਬੰਧਤ ਹੈ। ਬਿਨੈਕਾਰ ਨੂੰ ਅਰਜ਼ੀ ਨਾਲ ਇਹ ਹਲਫ਼ਨਾਮਾ ਵੀ ਦੇਣਾ ਹੋਵੇਗਾ ਕਿ ਉਹ ਆਪਣੀ ਮੌਜੂਦਾ ਨਾਗਰਿਕਤਾ ਨੂੰ ਛੱਡ ਕੇ ‘ਭਾਰਤ ਨੂੰ ਆਪਣਾ ਸਥਾਈ ਘਰ’ ਬਣਾਉਣਾ ਚਾਹੁੰਦਾ ਹੈ।

 

RELATED ARTICLES
POPULAR POSTS