Breaking News
Home / ਭਾਰਤ / ਚੋਣ ਕਮਿਸ਼ਨ ਵੱਲੋਂ ਅਬਜ਼ਰਵਰਾਂ ਨੂੰ ਨਿਰਪੱਖ ਚੋਣਾਂ ਯਕੀਨੀ ਬਣਾਉਣ ਦਾ ਸੱਦਾ

ਚੋਣ ਕਮਿਸ਼ਨ ਵੱਲੋਂ ਅਬਜ਼ਰਵਰਾਂ ਨੂੰ ਨਿਰਪੱਖ ਚੋਣਾਂ ਯਕੀਨੀ ਬਣਾਉਣ ਦਾ ਸੱਦਾ

ਮੁੱਖ ਚੋਣ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਬਜ਼ਰਵਰਾਂ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਨਵੀਂ ਦਿੱਲੀ ‘ਚ ਆਪਣੇ ਅਬਜ਼ਰਵਰਾਂ ਨੂੰ ਨਿਰਪੱਖ, ਆਜ਼ਾਦ ਅਤੇ ਲਾਲਚ ਰਹਿਤ ਚੋਣਾਂ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਲੋਕ ਸਭਾ ਚੋਣਾਂ ਅਤੇ ਕੁੱਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ 2100 ਤੋਂ ਵੱਧ ਆਮ, ਪੁਲਿਸ ਅਤੇ ਖਰਚਾ ਨਿਗਰਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅਬਜ਼ਰਵਰਾਂ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਸਾਰਿਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਡਰਾਉਣ-ਧਮਕਾਉਣ ਅਤੇ ਭਰਮਾਉਣ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ। ਰਾਜੀਵ ਕੁਮਾਰ ਨੇ ਚੇਤੇ ਕਰਵਾਇਆ ਕਿ ਅਬਜ਼ਰਵਰ ਵਜੋਂ ਉਹ ਕਮਿਸ਼ਨ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ-ਆਪ ਨੂੰ ਪੇਸ਼ੇਵਰ ਢੰਗ ਨਾਲ ਚਲਾਉਣ ਅਤੇ ਉਮੀਦਵਾਰਾਂ ਸਣੇ ਸਾਰੇ ਹਿੱਸੇਦਾਰਾਂ ਤੱਕ ਪਹੁੰਚਯੋਗ ਹੋਣ। ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਬਜ਼ਰਵਰਾਂ ਨੂੰ ਮੈਦਾਨ ‘ਤੇ ਵਿਵਹਾਰ ‘ਚ ਸਖ਼ਤੀ ਪਰ ਨਿਮਰਤਾ ਨਾਲ ਪੇਸ਼ ਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਬਜ਼ਰਵਰਾਂ ਨੂੰ ਪੂਰੀ ਚੋਣ ਪ੍ਰਕਿਰਿਆ ਦੌਰਾਨ ਅਲਾਟ ਕੀਤੇ ਗਏ ਸੰਸਦੀ ਹਲਕੇ ਦੀਆਂ ਸੀਮਾਵਾਂ ਦੇ ਅੰਦਰ ਸਰੀਰਕ ਤੌਰ ‘ਤੇ ਸੀਮਤ ਰਹਿਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੇ ਵਾਹਨਾਂ ਵਿੱਚ ਜੀਪੀਐੱਸ ਟਰੈਕਿੰਗ ਲਗਾਉਣ ਦਾ ਸੁਝਾਅ ਦਿੱਤਾ ਗਿਆ ਹੈ। ਬਿਆਨ ਅਨੁਸਾਰ ਅਬਜ਼ਰਵਰ ਆਪਣੇ ਫੋਨ ਅਤੇ ਈ-ਮੇਲ ‘ਤੇ ਹਮੇਸ਼ਾ ਉਪਲਬਧ ਰਹਿਣ ਅਤੇ ਉਮੀਦਵਾਰਾਂ, ਦਲਾਂ, ਵੋਟਰਾਂ ਅਤੇ ਵੋਟਰ ਕਰਮੀਆਂ ਦੇ ਫੋਨ ਦਾ ਜਵਾਬ ਦੇਣ। ਇਸ ਵਿੱਚ ਕਿਹਾ ਗਿਆ, ”ਇਸ ਸਬੰਧੀ ਕਿਸੇ ਵੀ ਸ਼ਿਕਾਇਤ ਨੂੰ ਕਮਿਸ਼ਨ ਵੱਲੋਂ ਗੰਭੀਰਤਾ ਨਾਲ ਲਿਆ ਜਾਵੇਗਾ।” ਦਿਨ ਭਰ ਚੱਲੀ ਇਸ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸੀਨੀਅਰ ਡਿਪਟੀ ਚੋਣ ਕਮਿਸ਼ਨਰ, ਡਿਪਟੀ ਚੋਣ ਕਮਿਸ਼ਨਰਾਂ ਅਤੇ ਹੋਰਨਾਂ ਵੱਲੋਂ ਚੋਣ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਆਪਕ ਅਤੇ ਡੂੰਘਾਈ ਨਾਲ ਜਾਣਕਾਰੀ ਦਿੱਤੀ ਗਈ। ਅਗਾਮੀ ਚੋਣਾਂ ਲਈ ਲਗਭਗ 900 ਜਨਰਲ ਅਬਜ਼ਰਵਰ, 450 ਪੁਲਿਸ ਅਬਜ਼ਰਵਰ ਅਤੇ 800 ਖਰਚਾ ਨਿਗਰਾਨ ਤਾਇਨਾਤ ਕੀਤੇ ਜਾ ਰਹੇ ਹਨ।

 

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …